- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਫ਼ਤ ਮੈਡੀਕਲ ਕੈਂਪ ਦਾ ਵੱਡੀ ਗਿਣਤੀ 'ਚ ਲੋਕਾਂ ਨੇ ਲਿਆ ਲਾਹਾ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਗ੍ਰਾਮ ਪੰਚਾਇਤ ਸਤਜੋਤ ਨਗਰ ਵੱਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਾਇਆ ਗਿਆ ਜੋ ਸਰਪੰਚ ਸੁਖਵਿੰਦਰ ਕੌਰ ਬਾਵਾ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਮੈਂਸ ਪ੍ਰੋਲਾਈਫ ਹਸਪਤਾਲ ਪਿੰਡ ਗਿੱਲ ਦੇ ਵਿਸ਼ੇਸ਼ ਸਹਿਯੋਗ ਨਾਲ ਜੋਸਫ਼ ਸਕੂਲ, ਦੁੱਗਰੀ-ਧਾਂਦਰਾ ਰੋਡ, ਸਤਜੋਤ ਨਗਰ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲੱਗਾ। ਸੈਂਕੜਿਆਂ ਦੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਈ। ਕੈਂਪ ਦਾ ਉਦਘਾਟਨ ਕਰਦਿਆਂ ਸਰਪੰਚ ਸੁਖਵਿੰਦਰ ਕੌਰ ਬਾਵਾ ਨੇ ਕਿਹਾ ਕਿ ਸਾਡੀ ਗ੍ਰਾਮ ਪੰਚਾਇਤ ਦਾ ਮੁੱਖ ਮਨੋਰਥ ਸਤਜੋਤ ਨਗਰ ਦੇ ਹਰ ਇੱਕ ਨਾਗਰਿਕ ਨੂੰ ਉੱਤਮ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਮਹਿੰਗੇ ਡਾਕਟਰੀ ਇਲਾਜ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਨਹੀਂ ਕਰਵਾ ਪਾਉਂਦੇ, ਜਿਸ ਕਰਕੇ ਛੋਟੀਆਂ ਬਿਮਾਰੀਆਂ ਬਾਅਦ ਵਿੱਚ ਗੰਭੀਰ ਰੂਪ ਧਾਰਨ ਕਰ ਲੈਂਦੀਆਂ ਹਨ। ਸਾਡਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਕਰਵਾਉਣਾ ਹੈ ਤਾਂ ਜੋ ਕਿਸੇ ਵੀ ਆਰਥਿਕ ਤੰਗੀ ਕਰਕੇ ਕੋਈ ਵੀ ਵਿਅਕਤੀ ਚੰਗੇ ਇਲਾਜ ਤੋਂ ਵਾਂਝਾ ਨਾ ਰਹੇ। ਮੁਫ਼ਤ ਜਾਂਚ ਕੈਂਪ ਵਿੱਚ ਆਉਣ ਵਾਲੇ ਹਰ ਮਰੀਜ਼ ਲਈ ਮੁਫ਼ਤ ਡਾਕਟਰੀ ਸਲਾਹ ਦੇ ਨਾਲ-ਨਾਲ ਬਲੱਡ ਪ੍ਰੈਸ਼ਰ, ਸ਼ੂਗਰ (ਡਾਇਬਟੀਜ਼) ਅਤੇ ਈਸੀਜੀ. ਦੇ ਚੈੱਕਅੱਪ ਬਿਲਕੁਲ ਮੁਫ਼ਤ ਕੀਤੇ ਗਏ। ਇਸ ਤੋਂ ਇਲਾਵਾ ਲੋੜਵੰਦ ਮਰੀਜ਼ਾਂ ਨੂੰ ਪੰਚਾਇਤ ਵੱਲੋਂ ਮੁਫ਼ਤ ਦਵਾਈਆਂ ਵੀ ਤਕਸੀਮ ਕੀਤੀਆਂ ਗਈਆਂ। ਸਰਪੰਚ ਬਾਵਾ ਨੇ ਸੰਗਤ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਗ੍ਰਾਮ ਪੰਚਾਇਤ ਸਤਜੋਤ ਨਗਰ ਭਵਿੱਖ ਵਿੱਚ ਵੀ ਨਗਰ ਨਿਵਾਸੀਆਂ ਦੀ ਸੁੱਖ-ਸਹੂਲਤ ਅਤੇ ਭਲਾਈ ਲਈ ਅਜਿਹੇ ਮੈਡੀਕਲ ਕੈਂਪ ਅਤੇ ਸਮਾਜ ਸੇਵੀ ਕਾਰਜ ਨਿਰੰਤਰ ਜਾਰੀ ਰੱਖੇਗੀ। ਇਸ ਮੌਕੇ ਬਲਾਕ ਸੰਮਤੀ ਮੈਂਬਰ ਪ੍ਰੀਤਮ ਮਹਿੰਦਰ ਸਿੰਘ, ਜਿਲ੍ਹਾ ਪਰਿਸ਼ਦ ਮੈਂਬਰ ਲਖਵੀਰ ਕੌਰ, ਸਰਪੰਚ ਮਨਿੰਦਰ ਸਿੰਘ ਮਾਣਕਵਾਲ,ਕੁਲਦੀਪ ਕੁਮਾਰ ਬਾਵਾ, ਗੁਰਪ੍ਰੀਤ ਸਿੰਘ, ਮਨਿੰਦਰ ਸਿੰਘ, ਧੀਰਜ,ਆਰਤੀ ਸ਼ਰਮਾ ਕਰਮਜੀਤ,ਰਜੀਵ ਅਰੋੜਾ, ਕੁਲਦੀਪ ਸਿੰਘ ਪੰਚਾਇਤ ਮੈਂਬਰਾਂ ਨੇ ਹਾਜ਼ਰੀ ਲਗਵਾਈ।