- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੇ ਅਤੇ ਐਚਆਈਵੀ/ਏਡਜ਼ ਖ਼ਿਲਾਫ਼ ਜਾਗਰੂਕਤਾ ਮੁਹਿੰਮ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਮਾਰਗਦਰਸ਼ਨ ਅਤੇ ਸਹਿਯੋਗ ਨਾਲ ਡਾ. ਡੀਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਐਜੂਕੇਸ਼ਨਲ ਸੈਂਟਰ, ਸਲੇਮ ਟਾਬਰੀ, ਲੁਧਿਆਣਾ ਵੱਲੋਂ ਟੀਆਈ. ਪ੍ਰੋਜੈਕਟ, ਖੰਨਾ ਦੇ ਅਧੀਨ ਇੰਟੈਂਸਿਫਾਈਡ ਆਈਈਸੀ ਜਾਗਰੂਕਤਾ ਮੁਹਿੰਮ ਚਲਾਈ ਗਈ । ਮੁਹਿੰਮ ਦੌਰਾਨ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕੱਢਿਆ ਗਿਆ, ਜਿਸ ਰਾਹੀਂ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਐਚਆਈਵੀ/ਏਡਜ਼ ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ। ਪ੍ਰੋਗਰਾਮ ਵਿੱਚ ਖੰਨਾ ਦੇ ਡੀਐਸਪੀ ਗੱਬਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਜਾਗਰੂਕਤਾ ਮਾਰਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ਼ ਕਿਸੇ ਇੱਕ ਵਿਅਕਤੀ ਜਾਂ ਪਰਿਵਾਰ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਇਸ ਬੁਰਾਈ ਤੋਂ ਬਚਾਉਣ ਲਈ ਪ੍ਰਸ਼ਾਸਨ, ਸਿਹਤ ਸੰਸਥਾਵਾਂ, ਸਮਾਜਿਕ ਸੰਗਠਨਾਂ, ਪਰਿਵਾਰਾਂ ਅਤੇ ਆਮ ਜਨਤਾ ਦੇ ਸਾਂਝੇ ਯਤਨਾਂ ਨੂੰ ਜ਼ਰੂਰੀ ਦੱਸਿਆ। ਇਸ ਮੌਕੇ ਸਰਬੱਤ ਦਾ ਭਲਾ ਟਰੱਸਟ, ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਸਿਰਫ਼ ਸਰਕਾਰੀ ਪੱਧਰ ’ਤੇ ਨਹੀਂ ਲੜੀ ਜਾ ਸਕਦੀ, ਸਗੋਂ ਸਮਾਜ ਦੇ ਹਰ ਵਰਗ ਨੂੰ ਇਸ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਪ੍ਰੋਗਰਾਮ ਦੌਰਾਨ ਡਾ. ਡੀਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਐਜੂਕੇਸ਼ਨਲ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਪੰਜਾਬ ਨੂੰ ਡਰੱਗ-ਫ੍ਰੀ ਅਤੇ ਐਚਆਈਵੀ-ਫ੍ਰੀ ਬਣਾਉਣ ਦੇ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣਾ ਹੈ। ਉਨ੍ਹਾਂ ਕਿਹਾ ਕਿ ਟੀਆਈ. ਪ੍ਰੋਜੈਕਟ ਰਾਹੀਂ ਨਸ਼ਾ ਪ੍ਰਭਾਵਿਤ ਅਤੇ ਜੋਖਮ ਵਾਲੇ ਲੋਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਮੁਫ਼ਤ ਕਾਊਂਸਲਿੰਗ, ਐਚਆਈਵੀ ਸਕ੍ਰੀਨਿੰਗ, ਨੀਡਲ-ਸਿਰਿੰਜ ਐਕਸਚੇਂਜ ਅਤੇ ਇਲਾਜ ਨਾਲ ਜੋੜਨ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਗਰੂਕਤਾ, ਜਾਂਚ, ਕਾਊਂਸਲਿੰਗ ਅਤੇ ਇਲਾਜ ਰਾਹੀਂ ਐਚਆਈਵੀ/ਏਡਜ਼ ਦੇ ਫੈਲਾਅ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਨਸ਼ੇ ਤੋਂ ਪ੍ਰਭਾਵਿਤ ਵਿਅਕਤੀ ਨੂੰ ਅਪਰਾਧੀ ਵਜੋਂ ਦੇਖਣ ਦੀ ਬਜਾਏ ਉਸ ਨੂੰ ਅਜਿਹੇ ਵਿਅਕਤੀ ਵਜੋਂ ਦੇਖਣਾ ਚਾਹੀਦਾ ਹੈ ਜਿਸ ਨੂੰ ਸਹੀ ਮਾਰਗਦਰਸ਼ਨ ਅਤੇ ਇਲਾਜ ਦੀ ਲੋੜ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਰਿਵਾਰਾਂ, ਵਿਦਿਅਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਪ੍ਰਸ਼ਾਸਨ ਦੇ ਸਾਂਝੇ ਯਤਨਾਂ ’ਤੇ ਜ਼ੋਰ ਦਿੱਤਾ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਕੁਲਜੀਤ ਸਿੰਘ, ਕੁਲਵੰਤ ਸਿੰਘ ਮਹਿਮੀ, ਮਨਪ੍ਰੀਤ ਸਿੰਘ ਅਤੇ ਓਐਸਟੀ. ਕਾਊਂਸਲਰ ਗੁਰਜੰਟ ਸਿੰਘ ਮੌਜੂਦ ਸਨ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਪਲਿਸ਼ , ਅਲੀਸ਼ਾ ਅਗਰਵਾਲ , ਰਵਦੀਪ ਕੌਰ , ਇੰਦਰਜੀਤ ਕੌਰ , ਦਲਜੀਤ ਸਿੰਘ , ਕਮਲਪ੍ਰੀਤ ਕੌਰ , ਪਰਵੀਨ ਕੌਰ , ਹਰਪ੍ਰੀਤ ਸਿੰਘ , ਪ੍ਰੋਜੈਕਟ ਮੈਨੇਜਰ ਮਨਪ੍ਰੀਤ ਸਿੰਘ ਅਤੇ ਓਡੀਆਈਸੀ. ਇੰਚਾਰਜ ਮਿਸ ਮਨੀਸ਼ ਕੌਰ ਸ਼ਾਮਲ ਰਹੇ।
---