- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਰੇਟਰ ਦਾਨ ਕਰਨ ਵਾਲ਼ੀ ਸਖ਼ਸ਼ੀਅਤ ਸਨਮਾਨਿਤ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਸਿੱਖਿਆ ਅਤੇ ਸੇਵਾ ਨੂੰ ਸਮਰਪਿਤ ਪਿੰਡ ਖੇੜੀ ਦੇ ਜੰਮਪਲ ਆਤਮਾ ਸਿੰਘ ਗਰੇਵਾਲ ਸਾਬਕਾ ਜੁਆਇੰਟ ਡਾਇਰੈਕਟਰ ਭਾਰਤੀ ਹਵਾਈ ਫੌਜ ਨੇ ਆਪਣੀ ਨੇਕ ਕਮਾਈ ਵਿੱਚੋਂ ਵਡਮੁੱਲਾ ਉਪਰਾਲਾ ਕੀਤਾ। ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਲਈ ਉਹਨਾਂ 15 ਕੇ ਵੀ ਦਾ ਵੱਡਾ ਜਨਰੇਟਰ ਲੈ ਕੇ ਦਿੱਤਾ। ਸਕੂਲ ਵੱਲੋਂ ਉਹਨਾਂ ਲਈ ਸਨਮਾਨ ਸਮਾਗਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਕੂਲ ਵਿਦਿਆਰਥਣਾਂ ਮਨਜੋਤ ਕੌਰ, ਸਹਿਜ ਤੇ ਮਨਜੋਤ ਕੌਰ ਵੱਲੋਂ ਪ੍ਰੇਰਣਾਦਾਇਕ ਗੀਤ ਗਾਇਆ ਗਿਆ। ਮੁੱਖ ਅਧਿਆਪਕ ਗੁਰਦਰਸ਼ਨ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਜਨਰੇਟਰ ਦੀ ਬਹੁਤ ਜ਼ਰੂਰਤ ਸੀ। ਉਹਨਾਂ ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਮੁੱਖ ਮਹਿਮਾਨ ਆਤਮਾ ਸਿੰਘ ਗਰੇਵਾਲ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪਿੰਡ ਦੇ ਸਕੂਲ ਆ ਕੇ ਬਹੁਤ ਵਧੀਆ ਅਹਿਸਾਸ ਹੋਇਆ।ਉਹਨਾਂ ਦੱਸਿਆ ਕਿ ਮਕੈਨੀਕਲ ਦੀ ਡਿਗਰੀ ਕਰਦਿਆਂ ਹੀ ਭਾਰਤੀ ਹਵਾਈ ਫੌਜ ਨੇ ਕਮਿਸ਼ਨ ਦੇ ਕੇ ਇੰਜੀਨੀਅਰ ਵਜੋਂ ਪਾਇਲਟ ਅਫਸਰ ਬਣਾਇਆ। ਉਹਨਾਂ ਆਪਣੇ ਜੀਵਨ ਦੇ ਸਫਰ ਦੀਆਂ ਮਾਣਮੱਤੀਆਂ ਯਾਦਾਂ ਸਾਂਝੀਆਂ ਕੀਤੀਆਂ। ਬੱਚਿਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਨੁਕਤੇ ਦੱਸਦਿਆਂ ਕਿਹਾ ਕਿ ਸਖਤ ਮਿਹਨਤ ਅਤੇ ਸੱਚੀ ਘਾਲਣਾ ਨਾਲ਼ ਉਹ ਹਰ ਮੁਕਾਮ ਪਾ ਸਕਦੇ ਹਨ। ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਨੇ ਕਿਹਾ ਕਿ ਇਹ ਬਹੁਤ ਮਾਣ ਵਾਲ਼ੀ ਗੱਲ ਹੈ ਕਿ ਉਹ ਪਿੰਡ ਖੇੜੀ ਦੇ ਸਕੂਲ ਤੋਂ ਪੜ੍ਹਾਈ ਕਰਕੇ ਭਾਰਤੀ ਹਵਾਈ ਫੌਜ ’ਚ ਜੁਆਇੰਟ ਡਾਇਰੈਕਟਰ ਮਿਗ ਦੇ ਅਹੁਦੇ ਤੱਕ ਪਹੁੰਚੇ।ਬੱਚਿਆਂ ਨੂੰ ਇਹਨਾਂ ਦੇ ਜੀਵਨ ਤੋਂ ਸੇਧ ਅਤੇ ਪ੍ਰੇਰਨਾ ਮਿਲਦੀ ਹੈ। ਨੂੰਹ ਰਾਣੀ ਨਵਨੀਤ ਕੌਰ (ਅਮਰੀਕਾ) ਨੇ ਕਿਹਾ ਕਿ ਅੱਜ ਬੱਚਿਆਂ ਨੂੰ ਦੇਖ ਕੇ ਉਹਨਾਂ ਨੂੰ ਆਪਣਾ ਬਚਪਨ ਯਾਦ ਆ ਗਿਆ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਨੂੰ ਬੋਝ ਮੰਨਣ ਦੀ ਬਜਾਏ ਪੜ੍ਹਾਈ ਵਿੱਚੋਂ ਆਨੰਦ ਲੈਣਾ ਚਾਹੀਦਾ ਹੈ। ਸੁਪਰੀਤ ਸ਼ਰਮਾ ਨੇ ਸਖ਼ਸ਼ੀਅਤ ਦੇ ਜੀਵਨ ਬਾਰੇ ਸਾਈਕਲ ਤੋਂ ਜਹਾਜ਼ ਤੱਕ ਦੇ ਸਫਰ ਦੀ ਕਹਾਣੀ ਸੁਣਾਈ। ਸਕੂਲ ਵੱਲੋਂ ਆਏ ਮਹਿਮਾਨਾਂ ਨੂੰ ਪੁਸਤਕਾਂ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਤਮਾ ਸਿੰਘ ਗਰੇਵਾਲ ਦੇ ਜੀਵਨ ਸਾਥਣ ਗੁਰਦੀਸ਼ ਕੌਰ, ਨੂੰਹ ਰਾਣੀ ਨਵਨੀਤ ਕੌਰ, ਪੋਤਰੀ ਨਿਮਰਤ ਕੌਰ, ਸਕੂਲ ਸਟਾਫ ਕੁਲਵਿੰਦਰ ਕੌਰ, ਉਪਿੰਦਰ ਕੌਰ, ਭਾਨੂੰ, ਮਨਪ੍ਰੀਤ ਕੌਰ, ਸੁਪਰੀਤ ਸ਼ਰਮਾ, ਰੁਪਿੰਦਰ ਕੌਰ, ਲਵਪ੍ਰੀਤ ਕੌਰ, ਪਰਮਿੰਦਰ ਕੌਰ ਅਤੇ ਇੰਦਰਜੀਤ ਕੌਰ ਵੀ ਹਾਜ਼ਰ ਸਨ।