- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ

-ਜਗਤ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਰਿਹਾ ਸਮਾਗਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪਰਮ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਿਰਜਿਤ ਜਵੱਦੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵਲੋਂ ਸਹਿਯੋਗੀ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਨਾਨਕ ਦੇਵ ਸਹਿਬ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਏ ਗਏ। ਇਸ ਮੌਕੇ ਪ੍ਰਵਚਨ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਰੱਬੀ ਸਿਫ਼ਤ ਕਰਨ ਦਾ ਮਨੋਰਥ ਮਨੁੱਖ ਨੂੰ ਸਚਿਆਰ ਮਨੁੱਖ ਬਣਾਉਣਾ ਹੈ। ਜਿਵੇਂ-ਜਿਵੇਂ ਮਨੁੱਖ ਅਕਾਲ ਪੁਰਖ ਦੀ ਉਸਤਤ ਕਰਦਾ ਹੈ। ਉਸਦੇ ਮਨ ਅੰਦਰ ਉਸਰੀ ਹੋਈ ਕੂੜ ਦੀ ਪਾਲ ਟੁੱਟਦੀ ਜਾਂਦੀ ਹੈ ਤੇ ਉਹ ਸਚਿਆਰ ਪਦਵੀ ਵਲ ਵਧਦਾ ਜਾਂਦਾ ਹੈ ਤੇ ਉਸਨੂੰ ਅਕਾਲ ਪੁਰਖ ਦੇ ਹੁਕਮ ਦੀ ਸਮਝ ਪੈਂਦੀ ਹੈ।
ਬਾਬਾ ਜੀ ਨੇ ਗੁਰਬਾਣੀ ਸ਼ਬਦਾਂ ਦੇ ਹਵਾਲਿਆਂ ਨਾਲ ਸਮਝਾਇਆ ਕਿ ਪ੍ਰਭੂ-ਉਸਤਤ ਕਰਨੀ ਉਸ ਵੇਲੇ ਤੱਕ ਅਧੂਰੀ ਹੈ ਜਦੋਂ ਤੱਕ ਉਸ ਨੂੰ ਸੁਣਿਆ ਨਾ ਜਾਵੇ। ਪ੍ਰਭੂ-ਉਸਤੁਤ ਸੁਣਨ ਵਾਲੇ ਨੂੰ ਕਾਲ ਦਾ ਡਰ ਨਹੀਂ ਡਰਾ ਸਕਦਾ। ਮੰਦਾ ਬੋਲਣ ਵਾਲਾ ਵੀ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜ ਕੇ ਚੰਗੇ ਵਚਨ ਬੋਲਣ ਲੱਗ ਜਾਂਦਾ ਹੈ। ਉਸਨੂੰ ਸ਼ਾਸਤਰਾਂ, ਸਿਮਰਤੀਆਂ ਤੇ ਵੇਦਾਂ ਦਾ ਵੇਦਾਂ ਦੀ ਸਮਝ ਪੈ ਜਾਂਦੀ ਹੈ। ਸਾਧਕ ਨੂੰ ਜੋ ਮਾਣ ਅਤੇ ਸਤਿਕਾਰ ਵਿੱਦਿਆ ਪੜ੍ਹਨ ਨਾਲ ਮਿਲਦਾ ਹੈ ਉਸੇ ਸਤਿਕਾਰ ਦੀ ਪ੍ਰਾਪਤੀ ਸੁਣਨ ਨਾਲ ਵੀ ਹੋ ਜਾਂਦੀ ਹੈ। ਉਸ ਦੀ, ਬੇਅੰਤ ਗੁਣਾਂ ਤਕ ਪਹੁੰਚ ਬਣ ਜਾਂਦੀ ਹੈ।
ਅਗਿਆਨਤਾ ’ਚ ਡੁੱਬੀਆਂ ਨੂੰ ਸਦਾ ਵਿਕਾਸ ਖਿੜਾਓ ਬਣਿਆ ਰਹਿੰਦਾ ਹੈ, ਦੁੱਖਾਂ, ਪਾਪਾਂ ਦਾ ਨਾਸ ਹੋ ਜਾਂਦਾ ਹੈ। ਮਹਾਂਪੁਰਸ਼ਾਂ ਨੇ ਸੁਚੇਤ ਕੀਤਾ ਕਿ ਇਹ ਸਾਧਕ ਦੀ ਅਗਲੀ ਮੰਜ਼ਿਲ ਨਹੀਂ, ਬਲਕਿ ਲੰਮੇ ਪੈਂਡੇ ਦਾ ਇਕ ਪੜਾਅ ਹੈ। ਅਗਲੀ ਅਵਸਥਾ ਮੰਨਣ ਦੀ ਹੈ ਜੋ ਕੁਝ ਜਪਿਆ, ਸੁਣਿਆ, ਉਸ ਤੋਂ ਜੀਵਨ ਜਿਉਣ ਦੀ ਸੇਧ ਲੈ ਲੈਣਾ ਮੰਨਣ ਅਖਵਾਉਂਦਾ ਹੈ। ਗੁਰਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ। ਸੇਵਾਦਾਰਾਂ ਨੇ ਸੇਵਾਵਾਂ ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।