- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਜਾਰੀ ਭਗਵਾਨ ਸ਼ਿਵ ਕਥਾ ਸਮਾਪਤ

-ਆਖਰੀ ਦਿਨ ਸਾਧਵੀ ਭੈਣਾਂ ਅਤੇ ਮਹਾਤਮਾਜਨਾਂ ਨੂੰ ਕੀਤਾ ਗਿਆ ਸਨਮਾਨਿਤ
ਫੋਟੋ ਨੰਬਰ-2,3
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼ਿਵ ਦਿਯਾਲਾ ਮੰਦਰ ਅੜੈਚਾ ਰੋਡ ਦੋਰਾਹਾ ਵੱਲੋਂ ਮੰਦਰ ’ਚ ਜਾਰੀ ਪੰਜ ਦਿਨਾ ਭਗਵਾਨ ਸ਼ਿਵ ਕਥਾ ਦੇ ਅੰਤਿਮ ਦਿਨ ਕਥਾ ਵਿਆਸ ਸਾਧਵੀ ਮੀਨਾਕਸ਼ੀ ਭਾਰਤੀ ਨੇ ਭਗਵਾਨ ਸ਼ਿਵ ਦੇ ਵਿਆਹ ਦਾ ਆਧਿਆਤਮਿਕ ਅਰਥ ਦੱਸਿਆ ਕਿ ਇਹ ਜੀਵ-ਆਤਮਾ ਦਾ ਪਰਮਾਤਮਾ ਨਾਲ, ਕਾਮਨਾਵਾਂ ਦਾ ਭਾਵਨਾਵਾਂ ਨਾਲ, ਨਦੀਆਂ ਦਾ ਸਾਗਰ ਨਾਲ ਮਿਲਾਪ ਦੀ ਗਾਥਾ ਦਾ ਨਾਮ ਹੈ।
ਇਸ ਦੌਰਾਨ ਭਗਵਾਨ ਸ਼ਿਵ ਨੇ ਜੇਕਰ ਸ਼ਿੰਗਾਰ ਕੀਤਾ, ਤਾਂ ਜਗਤ ਨੂੰ ਸੱਚ ਨਾਲ ਜੋੜਨ ਲਈ, ਵਿਆਹ ਕੀਤਾ ਤਾਂ ਉਹ ਵੀ ਜਗਤ ਦੇ ਕਲਿਆਣ ਲਈ। ਸਾਧਵੀ ਨੇ ਦੱਸਿਆ ਕਿ ਭਗਵਾਨ ਸ਼ਿਵ ਦੇ ਰੁਦਰ ਰੂਪ ਨੂੰ ਦੇਖ ਕੇ ਸਾਰੇ ਹਿਮਾਚਲ ਵਾਸੀ ਡਰ ਜਾਂਦੇ ਹਨ। ਮਹਾਰਾਣੀ ਮੈਨਾ ਤਾਂ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੰਦੀ ਹੈ ਕਿ ਮੈਂ ਆਪਣੀ ਪੁੱਤਰੀ ਉਮਾ ਦਾ ਵਿਆਹ ਰੁਦਰ ਰੂਪਧਾਰੀ ਨਾਲ ਕਦੇ ਨਹੀਂ ਕਰਾਂਗੀ। ਤਦ ਨਾਰਦ ਮੁਨੀ ਸਾਰਿਆਂ ਨੂੰ ਸਤਿਸੰਗ ਉਪਦੇਸ਼ ਪ੍ਰਦਾਨ ਕਰਦੇ ਹਨ।
ਅਸਲੀਅਤ ਤੋਂ ਜਾਣੂ ਹੁੰਦੇ ਹੀ ਸਾਰੇ ਪ੍ਰਸੰਨ ਹੋ ਕੇ ਭਗਵਾਨ ਸ਼ਿਵ ਅਤੇ ਮਾਂ ਪਾਰਵਤੀ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਲੱਗ ਜਾਂਦੇ ਹਨ। ਸਤਿਸੰਗ ਦਾ ਭਾਵ ਵੀ ਇਹੀ ਹੈ ਜਿੱਥੇ ਸੱਚ ਦਾ, ਬ੍ਰਹਮ ਦਾ ਸਾਖਿਆਤਕਾਰ ਹੋਵੇ। ਪੂਰਨ ਗੁਰੂ ਦੀ ਕਿਰਪਾ ਨਾਲ ਹੀ ਅੰਤਰਦ੍ਰਿਸ਼ਟੀ ਦੁਆਰਾ ਅੰਤਰਘਟ ਵਿੱਚ ਹੀ ਈਸ਼ਵਰ ਦੀਆਂ ਦਿਵਯ ਅਨੁਭੂਤੀਆਂ ਹੁੰਦੀਆਂ ਹਨ। ਭਗਵਾਨ ਸ਼ਿਵ ਦੇ ਮੱਥੇ ਉੱਤੇ ਸਥਿਤ ਜਾਗ੍ਰਿਤ ਤੀਜਾ ਨੇਤਰ ਪ੍ਰੇਰਿਤ ਕਰਦਾ ਹੈ ਕਿ ਅਸੀਂ ਵੀ ਇਕ ਪੂਰਨ ਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਆਪਣਾ ਸ਼ਿਵ-ਨੇਤਰ ਜਾਗ੍ਰਿਤ ਕਰਾਈਏ। ਜਿਵੇਂ ਹੀ ਸਾਡਾ ਇਹ ਨੇਤਰ ਖੁੱਲ੍ਹੇਗਾ, ਅਸੀਂ ਆਪਣੇ ਅੰਦਰ ਸਮਾਈ ਬ੍ਰਹਮ-ਸੱਤਾ ਦਾ ਸਾਕਸ਼ਾਤਕਾਰ ਕਰਾਂਗੇ।
ਕਥਾ ਦੇ ਸਮਾਪਨ ਉੱਤੇ ਸ੍ਰੀ ਸ਼ਿਵ ਦਿਯਾਲਾ ਮੰਦਰ ਦੇ ਮੈਂਬਰ ਪਵਨ ਸ਼ਰਮਾ ਚੇਅਰਮੈਨ, ਰਾਕੇਸ਼ ਕੁਮਾਰ ਪ੍ਰਧਾਨ, ਸੁਰੇਸ਼ ਰਤਨ ਸਕੱਤਰ, ਮੁਕੇਸ਼ ਸ਼ਰਮਾ, ਪੁਨੀਤ ਮਹਿਤਾ ਖਜ਼ਾਨਚੀ ਅਤੇ ਮਹਿਲਾ ਮੰਡਲ ਵੱਲੋਂ ਸਾਰੀਆਂ ਸਾਧਵੀ ਭੈਣਾਂ ਅਤੇ ਮਹਾਤਮਾਜਨਾਂ ਨੂੰ ਸਨਮਾਨਿਤ ਕੀਤਾ ਗਿਆ।