- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਹੋਤਾ ਦੀਆਂ ਗ਼ਜ਼ਲਾਂ ’ਤੇ ਭਿੰਡਰ ਦੀ ਕਹਾਣੀ 'ਤੇ ਹੋਈ ਚਰਚਾ

-ਮੀਟਿੰਗ ਦੌਰਾਨ ਲੇਖਕ ਕੇਐਲ ਗਰਗ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਕੀਤਾ ਸ਼ਰਧਾਂਜਲੀ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬੀ ਭਵਨ ਵਿਖੇ ਪੰਜਾਬੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਡਾ. ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਗ਼ਜ਼ਲਗੋ ਗੁਰਜੀਤ ਸਹੋਤਾ ਨੇ ਚਾਰ ਗ਼ਜ਼ਲਾਂ ਅਤੇ ਡਾ. ਇੰਦਰਜੀਤਪਾਲ ਕੌਰ ਭਿੰਡਰ ਨੇ ਕਹਾਣੀ 'ਬਦਲਦੇ ਸਮੀਕਰਣ' ਪੇਸ਼ ਕੀਤੀ। ਦੋਵੇਂ ਲੇਖਕਾਂ ਦੀਆਂ ਰਚਨਾਵਾਂ ਉਪਰ ਭਖਵੀਂ ਚਰਚਾ ਹੋਈ, ਜਿਸ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਅਕਾਦਮੀ ਦੇ ਸਾਬਕਾ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ, ਰਾਜਦੀਪ ਸਿੰਘ ਤੂਰ, ਪ੍ਰਭਜੋਤ ਸਿੰਘ ਸੋਹੀ, ਅਜੀਤ ਪਿਆਸਾ, ਕੇ. ਸਾਧੂ ਸਿੰਘ, ਦਰਸ਼ਨ ਬੋਪਾਰਾਏ, ਸੁਰੇਸ਼ ਹੰਸ, ਅਵਿਨਾਸ਼ਦੀਪ ਸਿੰਘ, ਨਿਰਮਲ ਸਿੰਘ ਅਤੇ ਅਸ਼ਵਨੀ ਜੇਤਲੀ ‘ਪ੍ਰੇਮ' ਨੇ ਹਿੱਸਾ ਲਿਆ। ਤਰਲੋਚਨ ਝਾਂਡੇ, ਅਜੀਤ ਪਿਆਸਾ, ਪ੍ਰੋ ਰਵਿੰਦਰ ਸਿੰਘ ਭੱਠਲ, ਮੇਜਰ ਸਿੰਘ ਛੀਨਾ, ਕੇ.ਸਾਧੂ ਸਿੰਘ, ਹਰਬੰਸ ਸਿੰਘ ਅਖਾੜਾ ਨੇ ਕਵਿਤਾਵਾਂ ਪੇਸ਼ ਕੀਤੀਆਂ। ਮੀਟਿੰਗ ’ਚ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਉਚੇਚੇ ਤੌਰ 'ਤੇ ਸ਼ਾਮਲ ਹੋਏ। ਸਭਾ ਦੇ ਪ੍ਰਧਾਨ ਡਾ. ਗੁਰਇਕਬਾਲ ਸਿੰਘ ਨੇ ਪਾਸ਼ ਯਾਦਗਾਰੀ ਸਥਾਨ ਨੂੰ ਇਲਾਕੇ ਦੇ ਕੁੱਝ ਰਸੂਖਦਾਰ ਲੋਕਾਂ ਵੱਲੋਂ ਹੜੱਪਣ ਦੀ ਵਿੱਢੀ ਨਾਪਾਕ ਕੋਸ਼ਿਸ਼ ਦੀ ਨਿੰਦਾ ਬਾਰੇ ਮਤਾ ਪੇਸ਼ ਕੀਤਾ ਤੇ ਇਸਨੂੰ ਆਪਣੇ ਮੁੱਢਲੇ ਸਰੂਪ ਅਤੇ ਮੁੱਖ ਮਨੋਰਥ ਅਨੁਸਾਰ ਹੀ ਕਾਇਮ ਰੱਖੇ ਜਾਣ ਦੀ ਮੰਗ ਕੀਤੀ ਗਈ, ਇਹ ਮਤਾ ਹਾਜ਼ਰ ਲੇਖਕਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਪਰੰਤ ਪਿਛਲੇ ਦਿਨੀਂ ਵਿਛੋੜਾ ਦੇ ਗਏ ਪ੍ਰਸਿੱਧ ਹਾਸ ਲੇਖਕ ਕੇਐਲ. ਗਰਗ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ।