- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਟਰਨਰੀ ’ਵਰਸਿਟੀ ਦੇ ਵਿਦਿਆਰਥੀਆਂ ਨੇ ਸਾਹਿਤਕ ਸਮਾਗਮ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਏ ਇੱਕ ਸਾਹਿਤਕ ਸਮਾਗਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ। ਕਾਲਜ ਦੇ ਡੀਨ ਡਾ. ਰਾਮ ਸਰਨ ਸੇਠੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕ ਗਤੀਵਿਧੀਆਂ ਆਤਮ-ਵਿਸ਼ਵਾਸ, ਵਿਸ਼ਲੇਸ਼ਣਾਤਮਕ ਸੋਚ, ਸੰਚਾਰ ਅਤੇ ਅਗਵਾਈ ਦੇ ਹੁਨਰ ਨੂੰ ਵਿਕਸਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦੀਆਂ ਹਨ। ਡਾ. ਸੇਠੀ ਨੇ ਦੱਸਿਆ ਕਿ ਇਹ ਸਮਾਗਮ 'ਡਾ. ਸੁਰਜੀਤ ਪਾਤਰ ਚੇਅਰ' ਅਤੇ 'ਯੂਨੀਵਰਸਿਟੀ ਸਪੀਕਰਜ਼ ਫੋਰਮ, ਪੀਏਯੂ ਦੀ ਸਰਪ੍ਰਸਤੀ ਅਤੇ ਸਹਿਯੋਗ ਅਧੀਨ ਕਰਵਾਇਆ ਗਿਆ ਸੀ, ਜਿਸ ਵਿੱਚ ਪੀਏਯੂ ਤੇ ਵੈਟਰਨਰੀ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਵਿਦਿਆਰਥੀਆਂ ਨੇ ਬਹਿਸ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਆਪਣੇ ਜਨਤਕ ਭਾਸ਼ਣਕਾਰੀ ਦੇ ਹੁਨਰ, ਪ੍ਰਗਟਾਵੇ ਦੀ ਸ਼ੈਲੀ ਤੇ ਬੌਧਿਕ ਸਮਝ ਦਾ ਪ੍ਰਦਰਸ਼ਨ ਕੀਤਾ। ਭਾਸ਼ਣ ਮੁਕਾਬਲੇ ਵਿੱਚ ਬੀਟੈਕ. ਬਾਇਓਟੈਕਨਾਲੋਜੀ ਦੇ ਦੂਜੇ ਸਾਲ ਦੀ ਵਿਦਿਆਰਥਣ ਮਿਹਰਪ੍ਰੀਤ ਕੌਰ ਜੇਤੂ ਰਹੀ। ਉਸਨੇ ਆਪਣੇ ਭਰੋਸੇਮੰਦ ਅੰਦਾਜ਼, ਪ੍ਰਭਾਵਸ਼ਾਲੀ ਪ੍ਰਗਟਾਵੇ ਅਤੇ ਵਿਸ਼ੇ 'ਤੇ ਪਕੜ ਨਾਲ ਨਿਰਣਾਇਕ ਮੰਡਲ ਨੂੰ ਪ੍ਰਭਾਵਿਤ ਕੀਤਾ। ਬਹਿਸ ਮੁਕਾਬਲੇ ਵਿੱਚ ਬੀਟੈਕ. ਬਾਇਓਟੈਕਨਾਲੋਜੀ ਦੇ ਆਖਰੀ ਸਾਲ ਦੇ ਵਿਦਿਆਰਥੀ ਕੁਸ਼ਾਲ ਬੱਤਰਾ ਅਤੇ ਤੀਜੇ ਸਾਲ ਦੀ ਵਿਦਿਆਰਥਣ ਸ਼ਰੁਤੀ ਰਲਹਨ ਨੇ 'ਫਸਟ ਰਨਰ-ਅੱਪ' (ਦੂਜਾ ਸਥਾਨ) ਦਾ ਖ਼ਿਤਾਬ ਹਾਸਲ ਕੀਤਾ। ਸ਼ਰੁਤੀ ਰਲਹਨ ਨੂੰ ਸਮਾਗਮ ਦੇ 'ਸਰਬੋਤਮ ਬਹਿਸਕਾਰ' ਵਜੋਂ ਵੀ ਚੁਣਿਆ ਗਿਆ।
ਵਿਦਿਆਰਥੀਆਂ ਨੂੰ ਡਾ. ਪ੍ਰੀਤੀਮਾਨ ਕੌਰ ਅਤੇ ਤਰੁਣ ਕਪੂਰ ਦੁਆਰਾ ਸੇਧ ਦਿੱਤੀ ਗਈ ਸੀ, ਜਿਨ੍ਹਾਂ ਦੀ ਅਗਵਾਈ ਨੇ ਵਿਦਿਆਰਥੀਆਂ ਦੀ ਤਿਆਰੀ ਤੇ ਸਫਲਤਾ ਵਿੱਚ ਅਹਿਮ ਯੋਗਦਾਨ ਪਾਇਆ। ਵੀਸੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਪੜ੍ਹਾਈ ਤੋਂ ਇਲਾਵਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।