- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਜ਼ਦੂਰ ਹੱਕਾਂ ’ਤੇ ਹੋ ਰਹੇ ਹਮਲੇ ਬੰਦ ਕਰਕੇ ਮੰਗਾਂ ਤੁਰੰਤ ਮੰਨੀਆਂ ਜਾਣ-ਕਾਮਰੇਡ ਜਗਦੀਸ਼

-ਮਜ਼ਦੂਰਾਂ ਦਾ ਮਹਿੰਗਾਈ ਭੱਤਾ ਤੁਰੰਤ ਲਾਗੂ ਕੀਤਾ ਜਾਵੇ : ਰੰਧਾਵਾ
13
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਦੇ ਕਿਰਤੀ ਕਾਮਿਆਂ ਦੀ ਇੱਕ ਅਹਿਮ ਇਕੱਤਰਤਾ ਫੋਕਲ ਪੁਆਇੰਟ ਵਿਖੇ ਸੀਟੀਯੁ ਪੰਜਾਬ ਦੇ ਬੈਨਰ ਦੇ ਹੇਠ ਹੋਈ। ਇਕੱਤਰਤਾ ਵਿੱਚ ਸੀਟੀਯੂ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਜਗਦੀਸ਼ ਚੰਦ, ਜਨਰਲ ਸਕੱਤਰ ਕਾਮਰੇਡ ਹਰਿੰਦਰ ਰੰਧਾਵਾ ਅਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਪਰਮਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਰਤੀ ਕਾਮਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੁਲਾਰਿਆਂ ਨੇ 2 ਅਕਤੂਬਰ ਗਾਂਧੀ ਜੈਅੰਤੀ ਦੇ ਸੰਦਰਭ ਵਿੱਚ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਦੇਸ਼ ਦੇ ਆਜ਼ਾਦੀ ਸੰਘਰਸ਼ ਨੂੰ ਯਾਦ ਕਰਦਿਆਂ ਕਿਹਾ ਕਿ ਸਮਾਜ ਦੀ ਤਰੱਕੀ ਵਿੱਚ ਮਿਹਨਤਕਸ਼ ਲੋਕਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੇ ਲੰਬੇ ਸੰਘਰਸ਼ਾਂ ਰਾਹੀਂ ਆਪਣੇ ਕਈ ਬੁਨਿਆਦੀ ਹੱਕ ਹਾਸਲ ਕੀਤੇ ਹਨ, ਪਰ ਮਜ਼ਦੂਰ ਜਥੇਬੰਦੀਆਂ ਅਨੁਸਾਰ ਅੱਜ ਕਿਰਤੀਆਂ ਦੇ ਹੱਕਾਂ ਅਤੇ ਰੁਜ਼ਗਾਰ ਸੁਰੱਖਿਆ ਨਾਲ ਜੁੜੇ ਕਈ ਮਸਲੇ ਮੁੜ ਚਰਚਾ ਵਿੱਚ ਹਨ। ਹਾਲੀਆ ਇਕੱਠ ਦੀ ਰਿਪੋਰਟ ਵਿੱਚ ਵੀ ਆਗੂਆਂ ਵੱਲੋਂ ਮਜ਼ਦੂਰ ਹੱਕਾਂ ਨੂੰ ਕਮਜ਼ੋਰ ਕਰਨ ਅਤੇ ਕਿਰਤ ਕਾਨੂੰਨਾਂ ਵਿੱਚ ਤਬਦੀਲੀਆਂ ’ਤੇ ਚਿੰਤਾ ਜ਼ਾਹਰ ਕੀਤੀ ਗਈ ਸੀ।
ਬੁਲਾਰਿਆਂ ਨੇ ਕਿਹਾ ਕਿ 8 ਘੰਟੇ ਦਾ ਕੰਮ ਮਜ਼ਦੂਰ ਦਾ ਕਾਨੂੰਨੀ ਅਧਿਕਾਰ ਹੈ ਅਤੇ ਕੰਮ ਦੇ ਨਿਰਧਾਰਤ ਸਮੇਂ ਤੋਂ ਬਾਅਦ ਕਰਵਾਏ ਜਾਣ ਵਾਲੇ ਓਵਰਟਾਈਮ ਦੀ ਬਣਦੀ ਅਦਾਇਗੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਘੱਟੋ-ਘੱਟ ਮਹੀਨਾਵਾਰ ਉਜ਼ਰਤ 32,000 ਰੁਪਏ ਕਰਨ ਦੀ ਮੰਗ ਵੀ ਰੱਖੀ। ਮਜ਼ਦੂਰ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਲੇਬਰ ਕੋਡਾਂ ਨੂੰ ਰੱਦ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਪੰਜਾਬ ਵਿੱਚ ਲਾਗੂ ਨਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਨਾਲ ਸਬੰਧਤ ਕਾਨੂੰਨੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਬਜਾਏ ਕਿਰਤੀਆਂ ਦੇ ਹਿੱਤਾਂ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਕੱਤਰਤਾ ਵਿੱਚ ਮਨਰੇਗਾ ਨਾਲ ਸਬੰਧਤ ਮੰਗਾਂ ਵੀ ਉਠਾਈਆਂ ਗਈਆਂ। ਆਗੂਆਂ ਨੇ ਪੁਰਾਣੇ ਮਨਰੇਗਾ ਕਾਨੂੰਨ ਨੂੰ ਬਹਾਲ ਕਰਨ ਅਤੇ ਮਨਰੇਗਾ ਮਜ਼ਦੂਰਾਂ ਨੂੰ ਲੋੜ ਅਨੁਸਾਰ ਕੰਮ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਨਿਰਮਾਣ ਮਜ਼ਦੂਰਾਂ ਦੇ ਮੁੱਦੇ ’ਤੇ ਬੁਲਾਰਿਆਂ ਨੇ ਕਿਹਾ ਕਿ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਪੋਰਟਲ ਨੂੰ ਨਿਰਵਿਘਨ ਚਲਾਇਆ ਜਾਵੇ, ਕਿਉਂਕਿ ਪੋਰਟਲ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਮਜ਼ਦੂਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਰਜਿਸਟ੍ਰੇਸ਼ਨ ਲਈ ਬੇਲੋੜੀਆਂ ਸ਼ਰਤਾਂ ਖਤਮ ਕਰਨ, ਆਫਲਾਈਨ ਰਜਿਸਟ੍ਰੇਸ਼ਨ ਦੀ ਸਹੂਲਤ ਮੁੜ ਸ਼ੁਰੂ ਕਰਨ ਅਤੇ ਨਿਰਮਾਣ ਮਜ਼ਦੂਰਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਮਹਿੰਗਾਈ ਭੱਤਾ ਤੁਰੰਤ ਜਾਰੀ ਕਰਨ ਅਤੇ ਵਧ ਰਹੀ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਮਹਿੰਗਾਈ ਦੇ ਦੌਰ ਵਿੱਚ ਮਜ਼ਦੂਰ ਅਤੇ ਗਰੀਬ ਪਰਿਵਾਰਾਂ ਨੂੰ ਰਾਹਤ ਮਿਲ ਸਕੇ।
ਆਗੂਆਂ ਨੇ ਕਿਹਾ ਕਿ ਮਜ਼ਦੂਰ ਵਰਗ ਦੀਆਂ ਹੱਕੀ ਮੰਗਾਂ ਨੂੰ ਅਣਦੇਖਾ ਕਰਨ ਦੀ ਬਜਾਏ ਸਰਕਾਰਾਂ ਨੂੰ ਮਜ਼ਦੂਰਾਂ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕੱਢਣਾ ਚਾਹੀਦਾ ਹੈ। ਇਕੱਤਰਤਾ ਦੌਰਾਨ ਸੀਟੀਯੁ ਦੇ ਪ੍ਰਧਾਨ ਕਾਮਰੇਡ ਜਗਦੀਸ਼ ਚੰਦ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੀਟੀਯੁ ਪੰਜਾਬ ਵੱਲੋਂ ਇੱਕ ਜਨ-ਚੇਤਨਾ ਯਾਤਰਾ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜੋ ਸੂਬੇ ਵਿੱਚ ਜਿਸ-ਜਿਸ ਜਗ੍ਹਾ ਤੇ ਸੀਟੀਯੁ ਪੰਜਾਬ ਦੇ ਸੈਂਟਰ ਹਨ ਉਸ ਜਗ੍ਹਾ ਤੇ ਕਿਰਤੀਆਂ ਕਾਮਿਆਂ ਨੂੰ ਜਾਗਰੂਕ ਅਤੇ ਇੱਕਜੁੱਟ ਹੋਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ 25 ਅਕਤੂਬਰ ਨੂੰ ਇਕ ਕਨਵੈਨਸ਼ਨ ਦੇਸ਼ ਭਗਤ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਰਤੀ ਕਾਮਿਆਂ ਨੂੰ ਆਪਣੇ ਹੱਕਾਂ ਲਈ ਇਕਜੁੱਟ ਰਹਿਣ ਅਤੇ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦਕ ਤੌਰ ’ਤੇ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਇਸ ਮੌਕੇ ਬਲਰਾਜ ਸਿੰਘ, ਅਜੀਤ ਕੁਮਾਰ,ਸੁਦੇਸ਼ਵਰ ਤਿਵਾਰੀ, ਤਹਿਸੀਲਦਾਰ ਸਿੰਘ, ਪਵਨ ਕੁਮਾਰ, ਅਬਦੇਸ਼ ਪਾਂਡੇ, ਜਵਾਹਰ ਲਾਲ, ਅਰੁਣ ਕੁਮਾਰ, ਸੁਨੀਲ ਗਿਰੀ, ਹਰਜੀਤ ਸਿੰਘ, ਅਸ਼ੋਕ ਭਾਰਤੀ, ਫੂਲ ਬਦਨ, ਰਾਮ ਪ੍ਰਵੇਸ਼, ਜੈ ਪ੍ਰਕਾਸ਼, ਹੀਰਾ ਲਾਲ, ਰਜੇ ਲਾਲ, ਅਮਰਜੀਤ, ਉਂਮਾ ਸ਼ੰਕਰ, ਮੁਕੇਸ਼ ਉਪਧਿਆਏ ਵੀ ਹਾਜਰ ਸਨ।---