- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਨੇਵਾਲ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ, ਦੋ ਮੁਲਜ਼ਮ ਗ੍ਰਿਫ਼ਤਾਰ

-ਜਾਵੇਦ ਅਖ਼ਤਰ ਤੇ ਮੁਹੰਮਦ ਹਸਨ ਉਰਫ਼ ਸਾਹਿਲ ਖ਼ਿਲਾਫ਼ ਕੇਸ ਦਰਜ, ਜਾਵੇਦ ਵਿਰੁੱਧ ਪਹਿਲਾਂ ਵੀ ਮਾਮਲੇ ਦਰਜ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਸਥਾਨਕ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਤਹਿਤ ਥਾਣਾ ਸਾਹਨੇਵਾਲ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਨਸ਼ੀਲਾ ਪਦਾਰਥ, ਇਸ ਨੂੰ ਤੋਲਣ ਅਤੇ ਪੈਕ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ ਸਮੇਤ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਾਹਨੇਵਾਲ ਦੇ ਇੰਚਾਰਜ ਗੁਲਜਿੰਦਰ ਪਾਲ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਾਵੇਦ ਅਖ਼ਤਰ ਵਾਸੀ ਧਾਂਦਰਾ ਰੋਡ ਅਤੇ ਮੁਹੰਮਦ ਹਸਨ ਉਰਫ਼ ਸਾਹਿਲ ਵਾਸੀ ਮਲਹੋਤਰਾ ਕਲੋਨੀ, ਜਲੰਧਰ ਬਾਈਪਾਸ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਕੋਲੋਂ ਕੁੱਲ 40 ਗ੍ਰਾਮ ਹੈਰੋਇਨ, ਇੱਕ ਬਿਜਲਈ ਕੰਢਾ, 50 ਜ਼ਿਪਲਾਕ ਲਿਫ਼ਾਫ਼ੇ ਤੇ ਹਰਿਆਣਾ ਨੰਬਰ ਵਾਲਾ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
-ਦੋਵਾਂ ਮੁਲਜ਼ਮਾਂ ਕੋਲੋਂ ਵੱਖ-ਵੱਖ ਮਾਤਰਾ ’ਚ ਹੈਰੋਇਨ ਬਰਾਮਦ
ਪੁਲਿਸ ਮੁਤਾਬਕ ਮੁਹੰਮਦ ਹਸਨ ਉਰਫ਼ ਸਾਹਿਲ ਦੇ ਕਬਜ਼ੇ ਵਿੱਚੋਂ 17 ਗ੍ਰਾਮ ਹੈਰੋਇਨ, ਜਦਕਿ ਜਾਵੇਦ ਅਖ਼ਤਰ ਦੇ ਕਬਜ਼ੇ ’ਚੋਂ 23 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਲੈਕਟ੍ਰੋਨਿਕ ਕੰਢਾ ਤੇ ਨਸ਼ੀਲਾ ਪਦਾਰਥ ਪੈਕ ਕਰਨ ਲਈ ਵਰਤੇ ਜਾਣ ਵਾਲੇ 50 ਜ਼ਿਪਲਾਕ ਲਿਫ਼ਾਫ਼ੇ ਵੀ ਕਬਜ਼ੇ ਵਿੱਚ ਲਏ ਗਏ ਹਨ।
-ਜਾਵੇਦ ਅਖ਼ਤਰ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਮਾਮਲੇ
ਪੁਲਿਸ ਰਿਕਾਰਡ ਮੁਤਾਬਕ ਜਾਵੇਦ ਅਖ਼ਤਰ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਸਾਲ 2022 ਵਿੱਚ ਥਾਣਾ ਦੁੱਗਰੀ ਵਿਖੇ ਜਬਰ-ਜਨਾਹ ਸਬੰਧੀ ਮਾਮਲਾ ਦਰਜ ਕੀਤਾ ਸੀ। ਸਾਲ 2024 ਵਿੱਚ ਥਾਣਾ ਸਾਹਨੇਵਾਲ ਵਿਖੇ ਨਸ਼ਾ ਰੋਕੂ ਕਾਨੂੰਨ ਤਹਿਤ ਵੀ ਮਾਮਲਾ ਦਰਜ ਹੋਇਆ ਸੀ।
-ਏਐੱਸਆਈ ਗੁਰਚਰਨਜੀਤ ਸਿੰਘ ਦੀ ਅਗਵਾਈ ਹੇਠ ਕਾਰਵਾਈ
ਇਸ ਕਾਰਵਾਈ ਵਿੱਚ ਏਐੱਸਆਈ ਗੁਰਚਰਨਜੀਤ ਸਿੰਘ, ਇੰਚਾਰਜ ਪੁਲਿਸ ਚੌਕੀ ਗਿਆਸਪੁਰਾ ਸਮੇਤ ਪੁਲਿਸ ਟੀਮ ਦੀ ਭੂਮਿਕਾ ਰਹੀ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਬਰਾਮਦ ਸਮੱਗਰੀ ਨੂੰ ਕਬਜ਼ੇ ’ਚ ਲੈ ਲਿਆ ਹੈ।
ਪੁਲਿਸ ਵੱਲੋਂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਨਸ਼ਾ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਤੇ ਜਾਂਚ ਜਾਰੀ ਹੈ।