- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਵਾਈਜ਼ਡ ਖਬਰ-ਅਨਾਜ ਮੰਡੀ ਸਾਹਨੇਵਾਲ ’ਚ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ

-ਪਰਾਲੀ ਨੂੰ ਅੱਗ ਨਾ ਲਾਉਣ ਤੇ ਸੁੱਕਾ ਝੋਨਾ ਹੀ ਮੰਡੀ ’ਚ ਲਿਆਉਣ ਦੀ ਕਿਸਾਨਾਂ ਨੂੰ ਅਪੀਲ
ਰਵੀ ਭਾਟੀਆ/ਗੁਰਦੀਪ ਭਾਮੀਆਂ, ਪੰਜਾਬੀ ਜਾਗਰਣ, ਸਾਹਨੇਵਾਲ/ਕੋਹਾੜਾ
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖ਼ਰੀਦ ਦੇ ਸੀਜ਼ਨ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਅਧੀਨ ਪੈਂਦੀ ਦਾਣਾ ਮੰਡੀ ਸਾਹਨੇਵਾਲ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਖ਼ਰੀਦ ਦੀ ਸ਼ੁਰੂਆਤ ਕਰਨ ਮੌਕੇ ਉਨ੍ਹਾਂ ਨਾਲ ਚੇਅਰਮੈਨ ਹੇਮਰਾਜ ਰਾਜੀ ਸਾਹਨੇਵਾਲ, ਸਕੱਤਰ ਹਰਿੰਦਰ ਸਿੰਘ ਵੀ ਹਾਜ਼ਰ ਸਨ। ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੀਆਂ ਮੰਡੀਆਂ ਦੇ ਨਾਲ-ਨਾਲ ਮਾਰਕੀਟ ਕਮੇਟੀ ਸਾਹਨੇਵਾਲ ਅਧੀਨ ਆਉਂਦੀਆਂ ਸਾਰੀਆਂ ਮੰਡੀਆਂ ’ਚ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿੱਚ ਸਫ਼ਾਈ, ਲਾਈਟਾਂ, ਪੀਣ ਵਾਲੇ ਸਾਫ਼ ਪਾਣੀ, ਨਮੀ ਮਾਪਣ ਵਾਲੇ ਮੀਟਰ, ਤਰਪਾਲਾਂ ਤੇ ਹੋਰ ਲੁੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ।
ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲ ਪੂਰੀ ਤਰ੍ਹਾਂ ਪੱਕਣ ਉਪਰੰਤ ਹੀ ਵਾਢੀ ਕੀਤੀ ਜਾਵੇ ਤੇ ਨਿਰਧਾਰਤ 17 ਫ਼ੀਸਦੀ ਨਮੀ ਦੀ ਸੀਮਾ ਨੂੰ ਧਿਆਨ ਵਿੱਚ ਰੱਖਦਿਆਂ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਂਦਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰੀ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਅਦਾਇਗੀ 24 ਤੋਂ 36 ਘੰਟਿਆਂ ਦੇ ਅੰਦਰ ਯਕੀਨੀ ਬਣਾਈ ਜਾਵੇਗੀ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਤੋਂ ਬਾਅਦ ਪੈਸਿਆਂ ਲਈ ਕਿਸੇ ਕਿਸਮ ਦੀ ਉਡੀਕ ਨਾ ਕਰਨੀ ਪਵੇ। ਮੰਤਰੀ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਖਰੀਦ ਸੀਜ਼ਨ ਨੂੰ ਕਿਸਾਨ-ਹਿਤੈਸ਼ੀ ਅਤੇ ਸੁਚਾਰੂ ਬਣਾਉਣ ਲਈ ਪੂਰੀ ਤਿਆਰੀ ਕੀਤੀ ਗਈ ਹੈ।
ਕਿਸਾਨ ਆਪਣੀ ਫ਼ਸਲ ਘੱਟ ਤੋਂ ਘੱਟ ਸਮੇਂ ’ਚ ਵੇਚ ਕੇ ਆਪਣੇ ਘਰ ਪਰਤ ਸਕਣ, ਇਸ ਲਈ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਲੁਧਿਆਣਾ ਜ਼ਿਲ੍ਹੇ ਵਿੱਚ ਇਸ ਵਾਰ ਤਕਰੀਬਨ 2.57 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ ਤੇ ਲਗਭਗ 17.25 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਣ ਦੀ ਉਮੀਦ ਹੈ। ਪਿਛਲੇ ਖਰੀਦ ਸੀਜ਼ਨ ਦੌਰਾਨ ਜ਼ਿਲ੍ਹੇ ’ਚ 13.11 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਕਿ ਫ਼ਸਲ ਦੀ ਰਹਿੰਦ-ਖੂੰਹਦ ਦਾ ਜ਼ਿੰਮੇਵਾਰੀ ਨਾਲ ਪ੍ਰਬੰਧਨ ਕੀਤਾ ਜਾਵੇ। ਪਰਾਲੀ ਸਾੜਨ ਦੀ ਬਜਾਏ ਇਸ ਦੇ ਯੋਗ ਪ੍ਰਬੰਧਨ ਨਾਲ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੇ ਨਾਲ-ਨਾਲ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਕਾਇਮ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਮਾਰਕੀਟ ਕਮੇਟੀ ਸਾਹਨੇਵਾਲ ਦੇ ਸਕੱਤਰ ਹਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਆਪਣਾ ਝੋਨਾ ਮੰਡੀ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਹੀ ਲੈ ਕੇ ਆਉਣ। ਇਸ ਮੌਕੇ ਉਨ੍ਹਾਂ ਨਾਲ ਲੇਖਾਕਾਰ ਸੁਖਬੀਰ ਸਿੰਘ ਗਰੇਵਾਲ, ਗੁਰਸਿਮਰਨਜੀਤ ਸਿੰਘ, ਹੁਤੇਸ ਬਲੂਜਾ, ਇੰਸਪੈਕਟਰ ਸਵਰਨਜੀਤ ਸਿੰਘ ਬੈਨੀਪਾਲ, ਇੰਸਪੈਕਟਰ ਬਰਜਿੰਦਰ ਸਿੰਘ, ਮੈਨੇਜਰ ਮਨਦੀਪ ਸਿੰਘ, ਇੰਸਪੈਕਟਰ ਹਰਫੂਲ ਸਿੰਘ, ਕਿਸਾਨ ਵਿੰਗ ਜਿਲ੍ਹਾ ਦਿਹਾਤੀ ਪ੍ਰਧਾਨ ਲਾਲੀ ਹਰਾ, ਸਤਵਿੰਦਰ ਸਿੰਘ ਹੈਪੀ, ਅਰੁਣ ਬਨਲਾ, ਪ੍ਰਭਜੋਤ ਸਿੰਘ ਖਾਲਸਾ, ਚੇਅਰਮੈਨ ਹਰਪ੍ਰੀਤ ਸਿੰਘ ਸੈਂਭੀ, ਸਰਪੰਚ ਜਸਪ੍ਰੀਤ ਸਿੰਘ ਪੰਧੇਰ, ਬਲਾਕ ਪ੍ਰਧਾਨ ਕੁਲਦੀਪ ਐਰੀ, ਸਰਬਜੀਤ ਸਿੰਘ ਗਰੇਵਾਲ, ਮਨਜਿੰਦਰ ਸਿੰਘ ਭੋਲਾ, ਜਸਵੀਰ ਸਿੰਘ ਖ਼ਾਨਪੁਰ, ਕੌਂਸਲਰ ਕੁਲਵਿੰਦਰ ਸਿੰਘ ਕਾਲਾ, ਬਲਰਾਮ ਪਾਠਕ, ਬਲਦੇਵ ਪਾਠਕ, ਦਲਜੀਤ ਸਿੰਘ ਬੱਗਾ, ਚੰਚਲ ਸਿੰਘ ਮਿਨਹਾਸ, ਗੁਰਮੀਤ ਸਿੰਘ ਪੱਪੂ ਤਲਵਾੜਾ, ਕੁਲਵਿੰਦਰ ਸ਼ਾਰਦੇ, ਇਕਬਾਲ ਸਿੰਘ ਜੰਡਿਆਲੀ (ਪੀਏ ਕੈਬਨਿਟ ਮੰਤਰੀ ਮੁੰਡੀਆਂ) ਆਦਿ ਵੱਡੀ ਗਿਣਤੀ ’ਚ ਹੋਰ ਪਤਵੰਤੇ ਹਾਜ਼ਰ ਸਨ।