- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਕਈ ਥਾਂਵਾ 'ਤੇ ਸ਼ਰਧਾਂਜਲੀ ਸਮਾਗਮ ਕਰਵਾਏ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ :
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ 157ਵਾਂ ਜਨਮ ਦਿਵਸ ਲੁਧਿਆਣਾ ਵਿਖੇ ਵੱਖ-ਵੱਖ ਥਾਵਾਂ 'ਤੇ ਮਨਾਇਆ। ਰਾਸ਼ਟਰ ਪਿਤਾ ਮਹਾਤਮਾ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਆਜ਼ਾਦੀ ਦੇ ਸੰਘਰਸ਼ ਦੌਰਾਨ ਅੰਗਰੇਜ਼ ਹਕੂਮਤ ਦੀਆਂ ਗੋਲੀਆਂ ਭਾਰਤ ਵਾਸੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਸਨ, ਉਸੇ ਤਰ੍ਹਾਂ ਅੱਜ ਨਸ਼ੇ ਦੀਆਂ ਗੋਲੀਆਂ ਅਤੇ ਨਸ਼ਿਆਂ ਦਾ ਜਾਲ ਬੇਕਸੂਰ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਨਿਗਲ ਰਿਹਾ ਹੈ।
-ਹਲਕਾ ਲੁਧਿਆਣਾ ਪੱਛਮੀ ’ਚ ਕਰਵਾਇਆ ਸਮਾਗਮ
ਕਾਂਗਰਸ ਪਾਰਟੀ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ 157ਵਾਂ ਜਨਮ ਦਿਵਸ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਮਹਾਤਮਾ ਗਾਂਧੀ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਦੀਵਾਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਦੇਸ਼ ਅਤੇ ਪੰਜਾਬ ਨੂੰ ਨਸ਼ਿਆਂ ਤੋਂ ਆਜ਼ਾਦੀ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਸੱਚ, ਅਹਿੰਸਾ ਤੇ ਲੋਕਾਂ ਦੀ ਇਕਜੁੱਟਤਾ ਦੇ ਬਲ ’ਤੇ ਦੇਸ਼ ਨੂੰ ਆਜ਼ਾਦੀ ਦੀ ਲੜਾਈ ਵਿੱਚ ਅੱਗੇ ਵਧਾਇਆ। ਅੱਜ ਨਸ਼ਿਆਂ ਦੀ ਅਲਾਮਤ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਲਈ ਵੀ ਸਰਕਾਰ ਦੇ ਨਾਲ-ਨਾਲ ਸਮਾਜ ਦੇ ਹਰ ਵਰਗ ਤੇ ਲੋਕਾਂ ਨੂੰ ਇਕਜੁੱਟ ਹੋ ਕੇ ਇਸ ਮੁਹਿੰਮ ਦਾ ਹਿੱਸਾ ਬਣਨਾ ਪਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ। ਇਸ ਦੌਰਾਨ ਰਵਿੰਦਰ ਸਾਹਨੀ, ਗੁਰਨਾਮ ਸਿੰਘ ਕਲੇਰ, ਦੀਪਕ ਹੰਸ, ਬਲਜੀਤ ਸਿੰਘ ਆਹੂਜਾ, ਰਾਕੇਸ਼ ਕੁਮਾਰ ਤਿਵਾੜੀ, ਕਿਰਪਾਲ ਸਿੰਘ ਸਾਹੜਾ, ਰਜੀਵ ਦੀਵਾਕਰ, ਕੇਵਲ ਪਾਹਵਾ, ਸੰਜੀਵ, ਸੰਜੇ ਕੁਮਾਰ, ਗੁਲਾਬ ਸਿੰਘ ਦੀਵਾਨ, ਵਿਕਰਮ ਚੌਹਾਨ, ਨਿਵੇਸ਼ ਵਾਸਨ, ਮਨੂ ਚੌਧਰੀ, ਸੰਦੀਪ ਅਰੋੜਾ, ਸੁਨੀਲ ਕੁਮਾਰ, ਹਰਭਗਤ ਗਰੇਵਾਲ, ਰਾਜੀਵ ਕਪੂਰ ਵੀ ਮੌਜੂਦ ਰਹੇ।
-ਬਾਕਸ-
-ਹਲਕਾ ਲੁਧਿਆਣਾ ਦੱਖਣੀ ਵਿਖੇ ਸਮਾਗਮ ਕਰਵਾਇਆ
ਹਲਕਾ ਲੁਧਿਆਣਾ ਦੱਖਣੀ ਵਿਖੇ ਮਹਾਤਮਾ ਗਾਂਧੀ ਜੀ ਅਤੇ ਸਵ. ਪ੍ਰਧਾਨ ਮੰਤਰੀ, ਇਮਾਨਦਾਰੀ ਤੇ ਸਾਦਗੀ ਦੇ ਪੁੰਜ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਨ ਜ਼ਿਲ੍ਹਾ ਕਾਂਗਰਸ ਕਮੇਟੀ ਓਬੀਸੀ ਦੇ ਪ੍ਰਧਾਨ ਵਰਿੰਦਰ ਭੱਲਾ ਦੇ ਦਫਤਰ ਵਿਖੇ ਮਨਾਇਆ, ਜਿਸ ’ਚ ਹਲਕੇ ਦੀ ਲੰਮੇ ਸਮਾਂ ਤੋਂ ਸੇਵਾ ਕਰਨ ਵਾਲੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏਆਈਸੀਸੀ (ਓਬੀਸੀ) ਇੰਚਾਰਜ ਹਿਮਾਚਲ ਪ੍ਰਦੇਸ਼ ਮੁੱਖ ਤੌਰ 'ਤੇ ਪਹੁੰਚੇ। ਇਸ ਸਮੇਂ ਮਾਸਟਰ ਹਰੀਦੇਵ ਬਾਵਾ, ਜਨਰਲ ਸਕੱਤਰ ਅਮਿਤ ਕੁਮਾਰ, ਮਮਤਾ ਰਾਣੀ ਅਤੇ ਦੀਪਕ ਪੰਡਿਤ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਬਾਵਾ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਸੋਚ, ਸੱਚਾਈ, ਸਪੱਸ਼ਟਤਾ, ਸਾਦਗੀ ਤੇ ਜਿਹਨਾਂ ਨੇ ਅਹਿੰਸਾ ਦੇ ਰਾਹ 'ਤੇ ਚੱਲ ਕੇ ਸੰਘਰਸ਼ ਕਰਕੇ ਭਾਰਤ ਦੀ ਆਜ਼ਾਦੀ ਲਈ ਅਹਿਮ ਭੂਮਿਕਾ ਨਿਭਾਈ, ਉਹਨਾਂ ਵੱਲੋਂ ਚਲਾਈ ਨਾ-ਮਿਲਵਰਤਨ ਲਹਿਰ, ਡਾਂਡੀ ਮਾਰਚ ਸਭ ਆਜ਼ਾਦੀ ਲਈ ਸਹਾਇਕ ਬਣੇ, ਅੱਜ ਉਹਨਾਂ ਦੇ ਦੁਨੀਆ ’ਚ 100 ਤੋਂ ਵੱਧ ਦੇਸ਼ਾਂ ’ਚ ਬੁੱਤ ਲੱਗੇ ਹੋਏ ਹਨ, ਉਹ ਬੈਰਸਟਰ ਪਾਸ ਸਨ, ਕੋਟ ਪੈਂਟ ਉਹਨਾਂ ਨੇ ਉਸ ਸਮੇਂ ਉਤਾਰ ਦਿੱਤਾ ਸੀ, ਜਦਕਿ ਇਕ ਕਿਰਤੀ ਪਰਿਵਾਰ ਦੇ ’ਚ ਦੋ ਔਰਤਾਂ ਕੋਲ ਇਕ ਸਾੜੀ ਦਾ ਪਤਾ ਲੱਗਾ, ਤਾਂ ਉਹਨਾਂ ਦੀ ਲੰਗੋਟੀ ਤੇ ਸੋਟੀ ਨਾਲ ਸ਼ਾਂਤੀ ਦਾ ਰਸਤਾ ਅਖ਼ਤਿਆਰ ਕਰਕੇ ਭਾਰਤ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਜੀ ਦਾ ਜੀਵਨ ਸੱਚਾਈ, ਸਾਦਗੀ ਦਾ ਸੁਨੇਹਾ ਦਿੰਦਾ ਹੈ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਭਾਜਪਾ ਸਰਕਾਰ ਨੂੰ ਬਣੇ ਰੱਖਣ ਲਈ ਜੋ ਈਵੀਐੱਮ ਰਾਹੀਂ ਵੋਟ ਚੋਰੀ ਦਾ ਰਾਹ ਅਪਣਾਇਆ ਇਸ ਨੇ ਭਾਰਤੀ ਲੋਕਤੰਤਰ ਨੂੰ ਵੱਡੀ ਸੱਟ ਮਾਰੀ ਹੈ, ਕਿਉਂਕਿ ਲੋਕਤੰਤਰ ਦੀ ਸਥਾਪਤੀ ਭਾਵ ਵੋਟ ਦਾ ਹੱਕ ਲੈਣ ਲਈ ਹਜ਼ਾਰਾਂ ਦੇਸ਼ ਭਗਤਾਂ ਨੇ ਜਾਨ ਦੀ ਅਹੂਤੀ ਦਿੱਤੀ ਹੈ ਪਰ ਚੋਣ ਕਮਿਸ਼ਨ ਨੇ ਲੱਖ ਵੋਟਾਂ ਕੱਟ ਕੇ ਭਾਰਤ ਦੇ ਵੋਟਰਾਂ ਤੋਂ ਉਨ੍ਹਾਂ ਦਾ ਹੱਕ ਖੋਹਿਆ ਹੈ ਜਿਸ ਲਈ ਚੋਣ ਕਮਿਸ਼ਨ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਲਲਿਤਾ ਦੇਵੀ, ਪ੍ਰਵੇਸ਼ ਕੁਮਾਰ, ਰਾਜ ਕੁਮਾਰ, ਸ਼ੰਕਰ ਭੱਲਾ ਯੂਥ ਨੇਤਾ ਆਦਿ ਹਾਜ਼ਰ ਸਨ।