- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਲਹਿਰਾ ਵਿਖੇ ਨੈਨਇੰਦਰ ਸਿੰਘ ਦਾ ਵਿਸ਼ੇਸ਼ ਸਨਮਾਨ

-ਸਾਬਕਾ ਸਰਪੰਚ ਗੁਰਜੀਤ ਸਿੰਘ ਲਹਿਰਾ ਤੇ ਸਮੂਹ ਸਾਥੀਆਂ ਦਾ ਵੀ ਕੀਤਾ ਧੰਨਵਾਦ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ : ਕੈਨੇਡਾ ਸਰਕਾਰ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁੰਗਰਾਣਾ ਨਾਲ ਸਬੰਧਤ ਅੰਗਦ ਸਿੰਘ ਢਿੱਲੋਂ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਖੇ ਕੈਨੇਡਾ ਦਾ ਰਾਜਦੂਤ ਨਿਯੁਕਤ ਕੀਤੇ ਜਾਣ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਇਸ ਮਾਣਮੱਤੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟਾਉਂਦਿਆਂ ਪਿੰਡ ਲਹਿਰਾ ’ਚ ਸਾਬਕਾ ਸਰਪੰਚ ਗੁਰਜੀਤ ਸਿੰਘ ਲਹਿਰਾ ਵੱਲੋਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ। ਇਸ ਮੌਕੇ ਨਵ-ਨਿਯੁਕਤ ਰਾਜਦੂਤ ਅੰਗਦ ਸਿੰਘ ਢਿੱਲੋਂ ਦੇ ਪਿਤਾ ਨੈਨਇੰਦਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਇਸ ਮੌਕੇ ਸਾਬਕਾ ਸਰਪੰਚ ਗੁਰਜੀਤ ਸਿੰਘ ਲਹਿਰਾ ਨੇ ਕਿਹਾ ਕਿ ਇਹ ਸਿਰਫ਼ ਸਾਡੇ ਇਲਾਕੇ ਲਈ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਤੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਗੁਰਜੀਤ ਸਿੰਘ ਲਹਿਰਾ ਨੇ ਦੱਸਿਆ ਕਿ ਰਾਜਦੂਤ ਨਿਯੁਕਤ ਹੋਣ ਤੋਂ ਪਹਿਲਾਂ ਅੰਗਦ ਸਿੰਘ ਢਿੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ’ਚ ਡਾਇਰੈਕਟਰ ਆਫ਼ ਆਪਰੇਸ਼ਨਜ਼ ਐਂਡ ਸਟੇਕਹੋਲਡਰ ਰਿਲੇਸ਼ਨਜ਼ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਹਾਜ਼ਰ ਪਿੰਡ ਵਾਸੀਆਂ ਅਤੇ ਪਤਵੰਤਿਆਂ ਨੇ ਅੰਗਦ ਸਿੰਘ ਦੇ ਪਿਤਾ ਨੈਨਇੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਇਸ ਪ੍ਰਾਪਤੀ ਨਾਲ ਸਮੁੱਚੇ ਇਲਾਕੇ ਦਾ ਮਾਣ ਵਧਿਆ ਹੈ।
ਉਨ੍ਹਾਂ ਆਸ ਪ੍ਰਗਟਾਈ ਕਿ ਅੰਗਦ ਸਿੰਘ ਢਿੱਲੋਂ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਵੀ ਪੂਰੀ ਤਨਦੇਹੀ, ਇਮਾਨਦਾਰੀ ਤੇ ਸਮਰੱਥਾ ਨਾਲ ਨਿਭਾਉਂਦੇ ਹੋਏ ਕੈਨੇਡਾ ਤੇ ਯੂਏਈ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਚ ਯੋਗਦਾਨ ਪਾਉਣਗੇ। ਇਸ ਮੌਕੇ ਅੰਗਦ ਸਿੰਘ ਢਿੱਲੋਂ ਦੇ ਪਿਤਾ ਨੈਨਇੰਦਰ ਸਿੰਘ ਨੇ ਪੁੱਤਰ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪਣ ਲਈ ਕੈਨੇਡਾ ਸਰਕਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਸਨਮਾਨ ਲਈ ਸਾਬਕਾ ਸਰਪੰਚ ਗੁਰਜੀਤ ਸਿੰਘ ਲਹਿਰਾ ਤੇ ਸਮੂਹ ਸਾਥੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਕੁਲਦੀਪ ਸਿੰਘ, ਭਗਵੰਤ ਸਿੰਘ, ਗੁਰਮੀਤ ਸਿੰਘ, ਜੋਰਾ ਸਿੰਘ ਘੁੰਗਰਾਣਾ, ਦਵਿੰਦਰ ਸਿੰਘ ਮਾਨ, ਹਰਨੇਕ ਸਿੰਘ ਗਰੇਵਾਲ, ਰਜਿੰਦਰ ਸਿੰਘ ਨੰਗਲ, ਬਨੀ ਢਿੱਲੋਂ, ਕਮਲਜੀਤ ਸਿੰਘ ਉੱਬੀ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।