- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਬੀਆਰ ਦੇ ਜ਼ੈੱਡਐੱਲਡੀ-ਸੀਈਟੀਪੀ ਪ੍ਰੋਜੈਕਟ ਨੇ ਫੜੀ ਰਫ਼ਤਾਰ

-ਟੈਕਸਟਾਈਲ ਪਾਰਕ ’ਚ ਉਦਯੋਗ ਸਥਾਪਤ ਕਰਨ ’ਚ ਮਲਾਵੀ ਤੋਂ ਬਾਅਦ ਦੁਬਈ ਦੇ ਸਨਅਤਕਾਰਾਂ ਨੇ ਦਿਖਾਈ ਦਿਲਚਸਪੀ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਧਨਾਨਸੂ ਸਥਿਤ ਜੇਬੀਆਰ ਰੈਜ਼ੀਲੈਂਸ ਟੈਕਸਟਾਈਲ ਪਾਰਕ ਵਿਦੇਸ਼ੀ ਨਿਵੇਸ਼ਕਾਂ ਦੀ ਦਿਲਚਸਪੀ ਦਾ ਕੇਂਦਰ ਬਣਦਾ ਜਾ ਰਿਹਾ ਹੈ। ਮਲਾਵੀ ਤੋਂ ਬਾਅਦ ਹੁਣ ਦੁਬਈ ਦੇ ਕਾਰੋਬਾਰੀਆਂ ਨੇ ਵੀ ਪਾਰਕ ਦਾ ਦੌਰਾ ਕਰਕੇ ਇੱਥੇ ਨਿਵੇਸ਼ ਤੇ ਸਨਅਤੀ ਇਕਾਈਆਂ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਵਿੱਚ ਦਿਲਚਸਪੀ ਦਿਖਾਈ ਹੈ। ਦੁਬਈ ਸਥਿਤ ਐੱਮਐੱਚ ਖੁਰੀ ਜਨਰਲ ਟ੍ਰੇਡਿੰਗ ਐਸਟ ਦੇ ਸੀਈਓ ਫਹਾਦ ਮੁਹੰਮਦ ਮੀਰ ਹਾਸ਼ਮ ਖੁਰੀ ਨੇ ਜੇਬੀਆਰ ਰੈਜ਼ੀਲੈਂਸ ਟੈਕਸਟਾਈਲ ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਨੇ ਪਾਰਕ ਵਿੱਚ ਵਿਕਸਤ ਕੀਤੇ ਜਾ ਰਹੇ ਉਦਯੋਗਿਕ ਬੁਨਿਆਦੀ ਢਾਂਚੇ ਅਤੇ ਟੈਕਸਟਾਈਲ ਨਾਲ ਸਬੰਧਤ ਸਹੂਲਤਾਂ ਦਾ ਨਿਰੀਖਣ ਕੀਤਾ ਅਤੇ ਨਿਵੇਸ਼ ਤੇ ਉਦਯੋਗਿਕ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਜੇਬੀਆਰ ਟੈਕਨਾਲੋਜੀਜ਼ ਦੇ ਸੀਐੱਮਡੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਧਨਾਨਸੂ ਵਿਖੇ ਵਿਕਸਤ ਕੀਤਾ ਜਾ ਰਿਹਾ ਰੈਜ਼ੀਲੈਂਸ ਟੈਕਸਟਾਈਲ ਪਾਰਕ ‘ਪਲੱਗ ਐਂਡ ਸਟਾਰਟ’ ਉਦਯੋਗਿਕ ਈਕੋ-ਸਿਸਟਮ ਵਜੋਂ ਤਿਆਰ ਕੀਤਾ ਜਾ ਰਿਹਾ ਹੈ।
ਇੱਥੇ ਇੱਕੋ ਕੰਪਲੈਕਸ ’ਚ ਰੰਗਾਈ, ਫਿਨਿਸ਼ਿੰਗ, ਪ੍ਰਿੰਟਿੰਗ ਤੇ ਹੋਰ ਟੈਕਸਟਾਈਲ ਪ੍ਰੋਸੈਸਿੰਗ ਗਤੀਵਿਧੀਆਂ ਲਈ ਸਾਂਝੀਆਂ ਸਹੂਲਤਾਂ ਅਤੇ ਜ਼ਰੂਰੀ ਸੇਵਾਵਾਂ ਉਪਲਬਧ ਕਰਵਾਉਣ ਦੀ ਯੋਜਨਾ ਹੈ। ਪ੍ਰੋਜੈਕਟ ਵਿੱਚ ਭਰੋਸੇਯੋਗ ਉਪਯੋਗਤਾਵਾਂ, ਵਾਤਾਵਰਣ ਪ੍ਰਬੰਧਨ, ਸਰੋਤਾਂ ਦੀ ਕੁਸ਼ਲ ਵਰਤੋਂ ਅਤੇ ਟਿਕਾਊ ਉਦਯੋਗਿਕ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪਾਰਕ ’ਚ 10 ਐੱਮਐੱਲਡੀ ਸਮਰੱਥਾ ਵਾਲਾ ਜ਼ੀਰੋ ਲਿਕਵਿਡ ਡਿਸਚਾਰਜ (ਜੈਡਐਲਡੀ) ਆਧਾਰਿਤ ਪਲਾਂਟ ਵੀ ਸ਼ਾਮਲ ਹੈ, ਜਿਸ ਰਾਹੀਂ ਡਾਇੰਗ ਤੇ ਟੈਕਸਟਾਈਲ ਪ੍ਰੋਸੈਸਿੰਗ ਤੋਂ ਨਿਕਲਣ ਵਾਲੇ ਸਨਅਤੀ ਪਾਣੀ ਨੂੰ ਟ੍ਰੀਟ ਕਰਕੇ ਵੱਧ ਤੋਂ ਵੱਧ ਮਾਤਰਾ ਵਿੱਚ ਮੁੜ ਪ੍ਰਾਪਤ ਕਰਨ ਤੇ ਸਨਅਤੀ ਪ੍ਰਕਿਰਿਆ ਵਿੱਚ ਦੁਬਾਰਾ ਵਰਤਣ ਦੀ ਵਿਵਸਥਾ ਹੋਵੇਗੀ। ਰਾਜਿੰਦਰ ਸਿੰਘ ਨੇ ਕਿਹਾ ਕਿ ਜੇਬੀਆਰ ਰੈਜ਼ੀਲੈਂਸ ਟੈਕਸਟਾਈਲ ਪਾਰਕ ਵਿੱਚ 10 ਮੈਗਾਵਾਟ ਦਾ ਬਾਇਓਮਾਸ ਪਾਵਰ ਪਲਾਂਟ ਅਤੇ ਪਲੱਗ ਐਂਡ ਪਲੇ ਸਹੂਲਤਾਂ ਵੀ ਸ਼ਾਮਲ ਹਨ। ਪ੍ਰੋਜੈਕਟ ਦਾ ਉਦੇਸ਼ ਇੱਕ ਇੰਟੀਗ੍ਰੇਟਿਡ ਟੈਕਸਟਾਈਲ ਕਲਸਟਰ ਵਿਕਸਤ ਕਰਨਾ ਹੈ, ਜਿੱਥੇ ਸਨਅਤੀ ਬੁਨਿਆਦੀ ਢਾਂਚੇ ਦੇ ਨਾਲ ਪਾਣੀ ਦੀ ਟ੍ਰੀਟਮੈਂਟ ਤੇ ਮੁੜ ਵਰਤੋਂ ਤੇ ਊਰਜਾ ਸਹੂਲਤਾਂ ਨੂੰ ਇੱਕੋ ਈਕੋਸਿਸਟਮ ਵਿੱਚ ਜੋੜਿਆ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਫਰੀਕਾ ਦੇ ਮਲਾਵੀ ਵਿੱਚ ਮੇਅਰ ਦੀ ਅਗਵਾਈ ਹੇਠ ਆਏ ਕਾਰੋਬਾਰੀ ਵਫ਼ਦ ਨੇ ਵੀ ਜੇਬੀਆਰ ਟੈਕਸਟਾਈਲ ਪਾਰਕ ਦਾ ਦੌਰਾ ਕਰਕੇ ਇੱਥੇ ਆਪਣੇ ਉਦਯੋਗ ਸਥਾਪਤ ਕਰਨ ਵਿੱਚ ਦਿਲਚਸਪੀ ਦਿਖਾਈ ਸੀ। ਵਿਦੇਸ਼ੀ ਕਾਰੋਬਾਰੀਆਂ ਵੱਲੋਂ ਲਗਾਤਾਰ ਦਿਖਾਈ ਜਾ ਰਹੀ ਦਿਲਚਸਪੀ ਕਾਰਨ ਜੇਬੀਆਰ ਰੈਜ਼ੀਲੈਂਸ ਟੈਕਸਟਾਈਲ ਪਾਰਕ ਨੂੰ ਲੈ ਕੇ ਉਦਯੋਗਿਕ ਖੇਤਰ ਵਿੱਚ ਚਰਚਾ ਤੇਜ਼ ਹੋ ਰਹੀ ਹੈ। ਇਸ ਮੌਕੇ ਪੀਪੀਸੀਬੀ ਦੇ ਚੀਫ ਇੰਜੀਨੀਅਰ ਸੰਦੀਪ ਬਹਿਲ, ਟੈਕਨੀਕਲ ਡਾਇਰੈਕਟਰ ਪ੍ਰਦੀਪ ਸਿੰਘ, ਡਾਇਰੈਕਟਰ ਦਿਸ਼ਾਂਤ ਚੌਧਰੀ, ਅਕਸ਼ਿਤ ਚੌਧਰੀ ਅਤੇ ਇੰਜੀਨੀਅਰ ਅਵਧ ਮਿਸ਼ਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।