- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜ ਦਿਨਾਂ ਭਗਵਾਨ ਸ਼ਿਵ ਕਥਾ ਜਾਰੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਤੇ ਸ਼ਿਵ ਦਿਆਲਾ ਮੰਦਰ ਵੱਲੋਂ ਮੰਦਰ ’ਚ ਜਾਰੀ ਪੰਜ ਦਿਨਾਂ ਭਗਵਾਨ ਸ਼ਿਵ ਕਥਾ ਦੇ ਤੀਜੇ ਦਿਨ ਸਾਧਵੀ ਮੀਨਾਕਸ਼ੀ ਭਾਰਤੀ ਨੇ ਕਿਹਾ ਕਿ ਭਗਵਾਨ ਸ਼ਿਵ ਦੇ ਵਿਅਕਤਿਤਵ ਨੂੰ ਕਿਸੇ ਵੀ ਭਾਸ਼ਾ ਵਿੱਚ ਵਿਅਕਤ ਨਹੀਂ ਕੀਤਾ ਜਾ ਸਕਦਾ। ਸਾਧਵੀ ਨੇ ਦੱਸਿਆ ਕਿ ਸਤੀ ਵੱਲੋਂ ਝੂਠੇ ਸ਼ਬਦਾਂ ਦਾ ਪ੍ਰਯੋਗ ਕਰਨ ਕਾਰਨ ਮਹਾਦੇਵ ਨੇ ਮਨ ਹੀ ਮਨ ਉਨ੍ਹਾਂ ਦਾ ਤਿਆਗ ਕਰ ਦਿੱਤਾ। ਸਤੀ ਪਛਤਾਵੇ ਦੀ ਭਾਵਨਾ ਨਾਲ ਭਰ ਗਈ। ਜਦੋਂ ਸਤੀ ਨੇ ਪਿਤਾ ਦਕਸ਼ ਦੇ ਯੱਗ ਵਿੱਚ ਆਪਣੇ ਆਪ ਨੂੰ ਭਸਮੀਭੂਤ ਕੀਤਾ, ਤਾਂ ਸਤੀ ਦੇ ਮਨ ਵਿੱਚ ਹਰ ਜਨਮ ’ਚ ਭਗਵਾਨ ਸ਼ਿਵ ਨੂੰ ਹੀ ਸੁਆਮੀ ਰੂਪ ਵਿੱਚ ਪ੍ਰਾਪਤ ਕਰਨ ਦੀ ਇੱਛਾ ਸੀ ਜਿਸ ਕਾਰਨ ਅਗਲੇ ਜਨਮ ਵਿੱਚ ਸਤੀ ਨੇ ਰਾਜਾ ਹਿਮਵਾਨ ਦੇ ਇੱਥੇ ਪਾਰਵਤੀ ਦੇ ਰੂਪ ’ਚ ਜਨਮ ਲਿਆ। ਪੁੱਤਰੀ ਦੇ ਜਨਮ 'ਤੇ ਪੂਰੀ ਹਿਮਾਚਲ ਨਗਰੀ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਪਰ ਅੱਜ ਦੁੱਖ ਦੀ ਗੱਲ ਹੈ ਕਿ ਜਿਸ ਭਾਰਤ ਦੀ ਧਰਤੀ 'ਤੇ ਛੋਟੀਆਂ-ਛੋਟੀਆਂ ਕੰਨਿਆਵਾਂ ਨੂੰ ਦੇਵੀ ਮਾਂ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ,ਉਸੇ ਦੈਵੀ ਸਰੂਪ ਨੂੰ ਗਰਭ ਵਿੱਚ ਹੀ ਖਤਮ ਕੀਤਾ ਜਾਣ ਲੱਗ ਗਿਆ ਹੈ। ਇਕ ਅਣਜੰਮੀ ਬੱਚੀ ਨੂੰ ਗਰਭ ਵਿੱਚ ਮਾਰਨਾ ਆਪਣੇ ਲਈ ਘੋਰ ਨਰਕਾਂ ਦੇ ਦਰਵਾਜ਼ੇ ਖੋਲ੍ਹਣਾ ਹੈ। ਸੰਸਥਾਨ ਵੱਲੋਂ ਇੱਕ ਕਲਿਆਣਕਾਰੀ ਮੁਹਿੰਮ ਸੰਤੁਲਨ ਕੈਂਪੇਨ ਵੀ ਸ਼ੁਰੂ ਕੀਤੀ ਹੈ, ਜਿਸ ਦਾ ਟੀਚਾ ਹੈ-ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਤੇ ਲਿੰਗ ਆਧਾਰਿਤ ਪੱਖਪਾਤ ਦੀ ਰੋਕਥਾਮ ਕਰਨਾ ਤੇ ਨਾਰੀ ਨਾਲ ਹੋ ਰਹੀ ਹਿੰਸਾ ਅਤੇ ਉਤਪੀੜਨ ਦੇ ਵਿਰੁੱਧ ਆਵਾਜ਼ ਉਠਾਉਣਾ ਹੈ।