- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਸਮਾਰਕ ਬਣਾਉਣ ਦੀ ਪਹਿਲ ਤੋਂ ਪੰਜਾਬ ਸਰਕਾਰ ਵੀ ਸੇਧ ਲਵੇ-ਬੈਨੀਪਾਲ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਤੇਲੰਗਾਨਾ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਅਤੇ ਪ੍ਰਸਿੱਧ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਦੀ ਯਾਦ ’ਚ ਹੈਦਰਾਬਾਦ ਦੇ ਗਾਚੀਬਾਉਲੀ ਸਥਿਤ ਵਿੱਪਰੋ ਸਰਕਲ ਵਿਖੇ ਸਮਾਰਕ ਪਾਰਕ ਅਤੇ ਉਨ੍ਹਾਂ ਦੇ ਬੁੱਤ ਦੀ ਸਥਾਪਨਾ ਕੀਤੇ ਜਾਣ ਦੀ ਪਹਿਲ ਦਾ ਸਵਾਗਤ ਕਰਦਿਆਂ ਵਾਤਾਵਰਨ ਕਾਰਕੁੰਨ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਇਸ ਤੋਂ ਸੇਧ ਲੈਂਦਿਆਂ ਪੰਜਾਬ ਦੇ ਮਹਾਨ ਸਪੂਤਾਂ ਤੇ ਦੇਸ਼ ਦੀ ਸੇਵਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ 26 ਡਾ. ਮਨਮੋਹਨ ਸਿੰਘ ਦੇ ਬੁੱਤ ਤੇ ਸਮਾਰਕ ਪਾਰਕ ਦਾ ਉਦਘਾਟਨ ਕੀਤਾ ਹੈ। ਤੇਲੰਗਾਨਾ ਸਰਕਾਰ ਦੇ ਅਧਿਕਾਰਤ ਬਿਆਨ ਅਨੁਸਾਰ ਇਹ ਸਮਾਰਕ ਡਾ. ਮਨਮੋਹਨ ਸਿੰਘ ਦੀਆਂ ਦੇਸ਼ ਤੇ ਤੇਲੰਗਾਨਾ ਪ੍ਰਤੀ ਸੇਵਾਵਾਂ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਹੈ। ਬੈਨੀਪਾਲ ਅਨੁਸਾਰ ਪੰਜਾਬ ਵਿੱਚ ਵੀ ਅਜਿਹੇ ਸਥਾਨ ਵਿਕਸਤ ਕੀਤੇ ਜਾ ਸਕਦੇ ਹਨ, ਜਿੱਥੇ ਪੰਜਾਬ ਦੇ ਪ੍ਰਸਿੱਧ ਸਿਆਸਤਦਾਨਾਂ, ਵਿਗਿਆਨੀਆਂ, ਅਰਥਸ਼ਾਸਤਰੀਆਂ, ਸਿੱਖਿਆ ਸ਼ਾਸਤਰੀਆਂ, ਸਮਾਜ ਸੇਵਕਾਂ, ਵਾਤਾਵਰਨ ਪ੍ਰੇਮੀਆਂ, ਕਿਸਾਨ ਆਗੂਆਂ ਅਤੇ ਹੋਰ ਦੇਸ਼-ਸਮਾਜ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੀ ਯਾਦ ਨੂੰ ਸੰਭਾਲਿਆ ਜਾਵੇ।ਉਨ੍ਹਾਂ ਕਿਹਾ ਕਿ ਅਜਿਹੇ ਸਮਾਰਕ ਸਿਰਫ਼ ਬੁੱਤ ਲਗਾਉਣ ਤੱਕ ਸੀਮਤ ਨਹੀਂ ਹੋਣੇ ਚਾਹੀਦੇ, ਸਗੋਂ ਉਨ੍ਹਾਂ ਨਾਲ ਗਿਆਨ ਕੇਂਦਰ, ਲਾਇਬ੍ਰੇਰੀ, ਡਿਜੀਟਲ ਅਜਾਇਬਘਰ ਅਤੇ ਖੋਜ ਕੇਂਦਰ ਵੀ ਬਣਾਏ ਜਾਣ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਸ਼ਖ਼ਸੀਅਤਾਂ ਦੇ ਜੀਵਨ, ਵਿਚਾਰਾਂ ਤੇ ਦੇਸ਼ ਲਈ ਕੀਤੇ ਕੰਮਾਂ ਬਾਰੇ ਜਾਣਕਾਰੀ ਮਿਲ ਸਕੇ।