- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਆਈ ਨਾਲ ਕਾਰੋਬਾਰ ਨੂੰ ਹੋਰ ਕੁਸ਼ਲ ਬਣਾਉਣ ’ਤੇ ਸੀਆਈਸੀਯੂ ਨੇ ਵਿਹਾਰਕ ਸੈਸ਼ਨ ਕਰਵਾਇਆ

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਦੇ ਬਿਜ਼ਨਸ ਨੈੱਟਵਰਕਿੰਗ ਗਰੁੱਪ (ਬੀਐੱਨਜੀ) ਵੱਲੋਂ ਸੀਆਈਸੀਯੂ ਕੰਪਲੈਕਸ ਫੋਕਲ ਪੁਆਇੰਟ ਵਿਖੇ ‘ਏਆਈ ਇਜ਼ ਚੇਂਜਿੰਗ ਬਿਜ਼ਨਸ’ ਵਿਸ਼ੇ ’ਤੇ ਵਿਹਾਰਕ ਸਿਖਲਾਈ ਸੈਸ਼ਨ ਕਰਵਾਇਆ। ਸੈਸ਼ਨ ਦਾ ਸੰਚਾਲਨ ਚੈਟਪ੍ਰੋਜ਼ ਤੇ ਸੀਐੱਨਆਈ ਚੈਨਲ ਦੇ ਸੰਸਥਾਪਕ ਕੁਨਾਲ ਪਰੂਥੀ ਨੇ ਕੀਤਾ। ਸੈਸ਼ਨ ਦੌਰਾਨ ਉੱਦਮੀਆਂ ਅਤੇ ਕਾਰੋਬਾਰੀਆਂ ਨੂੰ ਕਾਰੋਬਾਰੀ ਕੰਮ-ਕਾਜ ਨੂੰ ਆਸਾਨ ਬਣਾਉਣ, ਗਾਹਕਾਂ ਨਾਲ ਸੰਪਰਕ ਵਧਾਉਣ, ਮਾਰਕੀਟਿੰਗ ਨੂੰ ਪ੍ਰਭਾਵਸ਼ਾਲੀ ਬਣਾਉਣ ਤੇ ਕਾਰੋਬਾਰ ਲਈ ਏਆਈ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਕੁਨਾਲ ਪਰੂਥੀ ਨੇ ਏਆਈ ਆਧਾਰਿਤ ਵ੍ਹਟਸਐਪ ਚੈਟਬੋਟ, ਵੌਇਸ ਏਜੰਟ, ਸੋਸ਼ਲ ਮੀਡੀਆ ਏਜੰਟ, ਏਆਈ ਅਵਤਾਰ ਅਤੇ ਪ੍ਰੌਂਪਟ ਇੰਜਨੀਅਰਿੰਗ ਦੀ ਵਿਹਾਰਕ ਵਰਤੋਂ ਦਾ ਪ੍ਰਦਰਸ਼ਨ ਕੀਤਾ। ਏਆਈ ਦੀ ਮਦਦ ਨਾਲ ਦੁਹਰਾਏ ਜਾਣ ਵਾਲੇ ਕੰਮਾਂ ਨੂੰ ਆਟੋਮੇਟ ਕੀਤਾ ਜਾ ਸਕਦਾ ਹੈ, ਉਤਪਾਦਕਤਾ ਵਧਾਈ ਜਾ ਸਕਦੀ ਹੈ ਤੇ ਗਾਹਕਾਂ ਨਾਲ ਸੰਚਾਰ ਨੂੰ ਹੋਰ ਸੁਚਾਰੂ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕਾਰੋਬਾਰੀ ਫੈਸਲਿਆਂ ਲਈ ਡਾਟਾ ਅਤੇ ਤਕਨਾਲੋਜੀ ਦੀ ਵਰਤੋਂ ਨੂੰ ਵੀ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਸੈਸ਼ਨ ਦੌਰਾਨ ਬੀਐੱਨਜੀ ਮੈਂਬਰਾਂ ਨੇ ਏਆਈ ਟੂਲਜ਼ ਨਾਲ ਜੁੜੇ ਸਵਾਲ ਪੁੱਛੇ ਤੇ ਆਪਣੇ-ਆਪਣੇ ਕਾਰੋਬਾਰਾਂ ’ਚ ਇਨ੍ਹਾਂ ਦੀ ਵਰਤੋਂ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤਕਨੀਕੀ ਜਾਣਕਾਰੀ ਦੇ ਨਾਲ ਕਾਰੋਬਾਰੀ ਸਹਿਯੋਗ ਤੇ ਨੈੱਟਵਰਕਿੰਗ ਲਈ ਵੀ ਮੰਚ ਮੁਹੱਈਆ ਹੋਇਆ। ਸੀਆਈਸੀਯੂ ਬਿਜ਼ਨਸ ਨੈੱਟਵਰਕਿੰਗ ਗਰੁੱਪ ਵੱਲੋਂ ਉੱਦਮੀਆਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨ ਤੇ ਕਾਰੋਬਾਰੀ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਤਰ੍ਹਾਂ ਦੇ ਗਿਆਨ-ਸਾਂਝੇਦਾਰੀ ਅਤੇ ਨੈੱਟਵਰਕਿੰਗ ਸੈਸ਼ਨ ਕਰਵਾਏ ਜਾਂਦੇ ਹਨ।