- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਵੱਦੀ ਟਕਸਾਲ ਵਿਖੇ ਸੰਤ ਬਾਬਾ ਸੁੱਚਾ ਸਿੰਘ ਦਾ ਜਨਮ ਦਿਹਾੜਾ ਮਨਾਇਆ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸੰਤ ਬਾਬਾ ਸੁੱਚਾ ਸਿੰਘ ਦੇ ਜਨਮ ਦਿਹਾੜੇ ਮੌਕੇ ਜਵੱਦੀ ਟਕਸਾਲ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਵੱਲੋਂ ਬਾਬਾ ਹਰਚਰਨ ਸਿੰਘ ਰਮਦਾਸਪੁਰ ਵਾਲਿਆਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇ ਪ੍ਰਵਚਨ ਕਰਦਿਆਂ ਸੰਤ ਬਾਬਾ ਸੁੱਚਾ ਸਿੰਘ ਦੀ ਨਿਵੇਕਲੀ ਪ੍ਰਤਿਭਾ ਤੇ ਵਿਲੱਖਣ ਸ਼ਖ਼ਸੀਅਤ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਸੰਤ ਬਾਬਾ ਸੁੱਚਾ ਸਿੰਘ ਗੁਰੂ ਕਿਰਪਾ ਦੇ ਪਾਤਰ ਸਨ। ਉਨ੍ਹਾਂ ਨੇ ਸੰਤ ਬਾਬਾ ਤਾਰਾ ਸਿੰਘ ਬਲਾਚੌਰ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਅਤੇ ਸੰਤ ਬਾਬਾ ਕਿਸ਼ਨ ਸਿੰਘ ਰਾੜਾ ਸਾਹਿਬ ਵਰਗੇ ਮਹਾਨ ਤਪੱਸਵੀਆਂ ਦੀ ਛੱਤਰ-ਛਾਇਆ ਹੇਠ ਰਹਿ ਕੇ ਅਧਿਆਤਮਿਕ ਉਚਾਈਆਂ ਹਾਸਲ ਕੀਤੀਆਂ। ਬੜੂ ਸਾਹਿਬ ਤੇ ਹਜ਼ੂਰ ਸਾਹਿਬ ਵਿਖੇ ਸਿਮਰਨ-ਸਾਧਨਾ ਕਰਦਿਆਂ ਜੀਵਨ ਸਫਲ ਕੀਤਾ ਅਤੇ ਜਵੱਦੀ ਟਕਸਾਲ ਦੇ ਰੂਪ ’ਚ ਗੁਰਮਤਿ ਪ੍ਰਚਾਰ-ਪ੍ਰਸਾਰ ਦਾ ਕੇਂਦਰ ਸਥਾਪਿਤ ਕੀਤਾ। ਉਨ੍ਹਾਂ ਗੁਰਮਤਿ ਸੰਗੀਤ ਦੀ ਬਹਾਲੀ ਲਈ ਗੁਰਮਤਿ ਸੰਗੀਤ ਸੰਮੇਲਨ ਦੀ ਸ਼ੁਰੂਆਤ ਵੀ ਕੀਤੀ।
ਸਮਾਗਮ ਦੌਰਾਨ ਭਾਈ ਸ਼ੌਕੀਨ ਸਿੰਘ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਪਰਮਜੀਤ ਸਿੰਘ ਤੇ ਭਾਈ ਭਾਰਤ ਸਿੰਘ ਤੋਂ ਇਲਾਵਾ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਸੰਤ ਬਾਬਾ ਅਮੀਰ ਸਿੰਘ ਨੇ ਸਮਾਗਮ ’ਚ ਪੁੱਜੀਆਂ ਸ਼ਖ਼ਸੀਅਤਾਂ ਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਦੇਰ ਸ਼ਾਮ ਹੋਏ ਕੀਰਤਨ ਸਮਾਗਮ ਦੌਰਾਨ ਭਾਈ ਲਾਲ ਸਿੰਘ ਫੱਕਰ, ਭਾਈ ਸੁਖਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੁੱਖ ਨਿਰੰਜਣ ਸਿੰਘ ਆਦਿ ਨੇ ਮਹਾਂਪੁਰਸ਼ਾਂ ਦੇ ਜੀਵਨ, ਘਾਲਣਾ ਤੇ ਪੰਥਕ ਸੇਵਾਵਾਂ ਸਬੰਧੀ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਗੁਰਬਾਣੀ ਸ਼ਬਦ ਨਾਲ ਸੰਗਤਾਂ ਨੂੰ ਨਿਹਾਲ ਕੀਤਾ।