- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੂਡ ਸੇਫਟੀ ਵਿਭਾਗ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ, 21 ਸੈਂਪਲ ਲਏ

ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ
ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੂਡ ਸੇਫਟੀ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਖੰਨਾ, ਸਮਰਾਲਾ, ਜੰਡਿਆਲਾ, ਗਟਾਨੀ, ਚੰਡੀਗੜ੍ਹ ਰੋਡ ਅਤੇ ਕੋਹਾੜਾ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਖਾਣ-ਪੀਣ ਨਾਲ ਸਬੰਧਤ ਅਦਾਰਿਆਂ ਦੀ ਜਾਂਚ ਕੀਤੀ। ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦੀ ਕਮਿਸ਼ਨਰ ਕਮਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਟੀਮ ਨੇ ਵੱਖ-ਵੱਖ ਖੁਰਾਕੀ ਵਸਤੂਆਂ ਦੇ ਕੁੱਲ 21 ਸੈਂਪਲ ਇਕੱਠੇ ਕੀਤੇ। ਇਨ੍ਹਾਂ ਵਿੱਚ 18 ਮਿਰਚ-ਮਸਾਲਿਆਂ ਦੇ ਸੈਂਪਲ, 2 ਕੇਕ ਦੇ ਸੈਂਪਲ ਤੇ ਬੇਸਨ ਬਰਫ਼ੀ ਦਾ ਇਕ ਸੈਂਪਲ ਸ਼ਾਮਲ ਹੈ।
ਸਾਰੇ ਨਮੂਨੇ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਧਿਕਾਰਤ ਫੂਡ ਲੈਬੋਰੇਟਰੀ ਵਿੱਚ ਜਾਂਚ ਲਈ ਭੇਜ ਦਿੱਤੇ ਗਏ ਹਨ। ਰਿਪੋਰਟਾਂ ਮਿਲਣ ਤੋਂ ਬਾਅਦ ਨਤੀਜਿਆਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੂੰ ਪਿੰਡ ਸਲੋਤੀ ਤੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਕੇਕ ਦਾ ਨਮੂਨਾ ਵੀ ਲਿਆ। ਡੰਡੀ ਸਵਾਮੀ ਰੋਡ ਤੋਂ ਬੇਸਨ ਬਰਫ਼ੀ ਦਾ ਸੈਂਪਲ ਇਕੱਠਾ ਕਰਕੇ ਲੈਬੋਰੇਟਰੀ ਜਾਂਚ ਲਈ ਭੇਜਿਆ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਨੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਤਿਆਰੀ ਅਤੇ ਸਟੋਰੇਜ ਦੌਰਾਨ ਸਫ਼ਾਈ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਖੁਰਾਕੀ ਵਸਤੂਆਂ ਨੂੰ ਢੱਕ ਕੇ ਅਤੇ ਸਾਫ਼ ਬਰਤਨਾਂ ਵਿੱਚ ਰੱਖਿਆ ਜਾਵੇ ਤੇ ਖਪਤਕਾਰਾਂ ਨੂੰ ਸੁਰੱਖਿਅਤ ਤੇ ਮਿਆਰੀ ਭੋਜਨ ਮੁਹੱਈਆ ਕਰਵਾਇਆ ਜਾਵੇ। ਵਿਭਾਗ ਨੇ ਸਪੱਸ਼ਟ ਕੀਤਾ ਕਿ ਫੂਡ ਸੇਫਟੀ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਸਬੰਧਤ ਅਦਾਰਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖੁਰਾਕ ਮੁਹੱਈਆ ਕਰਵਾਉਣ ਲਈ ਚੈਕਿੰਗ, ਸੈਂਪਲਿੰਗ ਅਤੇ ਜਾਗਰੂਕਤਾ ਮੁਹਿੰਮ ਅੱਗੇ ਵੀ ਜਾਰੀ ਰਹੇਗੀ।