- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ:ਬਲਾਕ ਕਾਂਗਰਸ ਕਮੇਟੀ ਡੇਹਲੋਂ ਨੇ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ

-ਕਾਂਗਰਸੀਆਂ ਨੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਵਿਰੁੱਧ ਕੀਤੀ ਨਾਅਰੇਬਾਜ਼ੀ
40
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਕੇਂਦਰ ਸਰਕਾਰ ਵੱਲੋਂ ਕਰਵਾਏ ਜਾ ਰਹੇ ਐੱਸਆਈਆਰ ਪ੍ਰੋਗਰਾਮ ਤਹਿਤ ਪੂਰੇ ਭਾਰਤ ’ਚ ਵੱਡੀ ਗਿਣਤੀ 'ਚ ਕੱਟੀਆਂ ਗਈਆਂ ਵੋਟਾਂ ਦੇ ਵਿਰੋਧ ਵਿੱਚ ਬਲਾਕ ਕਾਂਗਰਸ ਕਮੇਟੀ ਡੇਹਲੋਂ ਵੱਲੋਂ ਕੇਂਦਰੀ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਰਵਿੰਦਰ ਡਾਲਵੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਦਕਿ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ, ਹਰਕਰਨ ਵੈਦ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਬੀਬੀ ਕਿਰਨਦੀਪ ਕੌਰ ਗਰੇਵਾਲ ਤੇ ਹਲਕਾ ਕੋਆਰਡੀਨੇਟਰ ਸੁਖਦੀਪ ਕੌਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾਲਵੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਚੋਣ ਕਮਿਸ਼ਨ ਦੀ ਦੁਰਵਰਤੋਂ ਕਰ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਐੱਸਆਈਆਰ. ਪ੍ਰੋਗਰਾਮ ਦੇ ਨਾਂ 'ਤੇ ਦੇਸ਼ ਭਰ ਵਿੱਚੋਂ ਵਿਰੋਧੀ ਧਿਰ ਨਾਲ ਸਬੰਧਤ ਤੇ ਆਮ ਲੋਕਾਂ ਦੀਆਂ ਵੋਟਾਂ ਬਿਨਾਂ ਕਿਸੇ ਠੋਸ ਕਾਰਨ ਤੋਂ ਕੱਟੀਆਂ ਜਾ ਰਹੀਆਂ ਹਨ, ਜੋ ਕਿ ਸਿੱਧੇ ਤੌਰ 'ਤੇ ਲੋਕਾਂ ਦੇ ਸੰਵਿਧਾਨਕ ਹੱਕਾਂ 'ਤੇ ਡਾਕਾ ਹੈ। ਕਾਂਗਰਸ ਪਾਰਟੀ ਲੋਕਤੰਤਰ ਦੀ ਬਹਾਲੀ ਅਤੇ ਲੋਕਾਂ ਦੇ ਵੋਟ ਦੇ ਅਧਿਕਾਰ ਦੀ ਰਾਖੀ ਲਈ ਸੜਕਾਂ ਤੋਂ ਲੈ ਕੇ ਸੰਸਦ ਤੱਕ ਸੰਘਰਸ਼ ਜਾਰੀ ਰੱਖੇਗੀ।
ਇਸੇ ਦੌਰਾਨ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਅਤੇ ਹਰਕਰਨ ਵੈਦ ਨੇ ਕਿਹਾ ਕਿ ਕੇਂਦਰ ਸਰਕਾਰ ਅਪਣੀਆਂ ਨਾਕਾਮੀਆਂ ਨੂੰ ਛੁਪਾਉਣ ਅਤੇ ਚੋਣਾਂ ਵਿੱਚ ਅਨੁਚਿਤ ਲਾਹਾ ਲੈਣ ਲਈ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋ ਨੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਦੀਆਂ ਇਨ੍ਹਾਂ ਲੋਕਤੰਤਰ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਇਸ ਰੋਸ ਵਿਖਾਵੇ ਦੌਰਾਨ ਬਲਾਕ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਅਤੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਰਣਜੀਤ ਸਿੰਘ ਮਾਂਗਟ, ਗੁਰਜਗਦੀਪ ਸਿੰਘ ਲਾਲੀ ਲਲਤੋਂ, ਗੁਰਜੀਤ ਰੰਗੀ, ਨਿਰਮਲ ਸਿੰਘ ਨਿੰਮਾ ਸਰਪੰਚ, ਮੀਡੀਆ ਇੰਚਾਰਜ ਪਰਮਿੰਦਰ ਸਿੰਘ ਗਾਬੀ, ਗੁਰਪ੍ਰੀਤ ਚਹਿਲ, ਗਗਨਦੀਪ ਗੁਰਮ ਵਾਈਸ ਪ੍ਰਧਾਨ ਯੂਥ ਕਾਂਗਰਸ, ਸਾਬਕਾ ਸਰਪੰਚ ਨਿੰਦਾ ਰਣੀਆਂ, ਹਰਵਿੰਦਰ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਬਲਾਕ ਸੰਮਤੀ ਮੈਂਬਰ ਚੰਨਾ ਕੈਂਡ, ਸਰਪੰਚ ਦਿਲਾਵਰ ਭੱਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਯੂਥ ਕਾਂਗਰਸ ਦੇ ਵਰਕਰ ਹਾਜ਼ਰ ਸਨ।