- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰਾਂਸਪੋਰਟ ਵਿਭਾਗ ਦੇ ਕੱਚੇ ਕਾਮਿਆਂ ਦੀ ਸੂਬਾ ਪੱਧਰੀ ਮੀਟਿੰਗ ਹੋਈ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਰੋਡਵੇਜ਼ /ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵੱਲੋ ਆਲ ਇੰਡੀਆ ਟਰਾਂਸਪੋਰਟ ਵਰਕਰਜ ਯੂਨੀਅਨ ਸੀਟੂ ਦੇ ਸੱਦੇ ‘ਤੇ ਈਸੜੂ ਭਵਨ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਯੂਨੀਅਨ ਦੇ ਸੂਬਾਈ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕੀਤੀ। ਇਸ ਮੌਕੇ ਸੀਟੂ ਪੰਜਾਬ ਦੇ ਸੂਬਾਈ ਪ੍ਰਧਾਨ ਚੰਦਰ ਸ਼ੇਖਰ ਨੇ ਇਸ ਸਮਾਗਮ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਟਰਾਂਸਪੋਰਟ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਦੇ ਜਬਰ-ਜ਼ੁਲਮ ਦੀ ਦਾਸਤਾਨ ਪੇਸ਼ ਕਰਦਿਆਂ ਮੰਗ ਕੀਤੀ ਕਿ ਕੱਚੇ ਵਰਕਰਾਂ ਨੂੰ ਪੱਕੇ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਟਰਾਂਸਪੋਰਟ ਕਾਮਿਆਂ ਵਿਰੁੱਧ ਬਣਾਏ ਝੂਠੇ ਕੇਸ ਰੱਦ ਕਰਕੇ ਡਿਊਟੀਆਂ ‘ਤੇ ਬਹਾਲ ਕੀਤੇ ਜਾਣ ਆਦਿ ਮੰਗਾਂ ‘ਤੇ ਸੰਘਰਸ਼ ਜਾਰੀ ਰੱਖਣ ਸਮੇਤ ਲਾਮਬੰਦ ਕੀਤਾ।
ਇਸ ਮੌਕੇ ਸਵਰਾਜ ਮਾਜ਼ਦਾ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਕੰਗ ਅਤੇ ਇੰਦਰਪਾਲ ਪੁੰਨਾਵਾਲ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਵਿੱਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਾਮਿਆਂ ਦੇ ਖਾੜਕੂ ਸੰਘਰਸ਼ ਨੇ ਟਰਾਂਸਪੋਰਟ ਕਾਮਿਆਂ ਦੇ ਮਾਣ ਨੂੰ ਵਧਾਇਆ ਹੈ। ਸੰਬੋਧਨ ਕਰਦਿਆਂ ਆਲ ਇੰਡੀਆ ਟ੍ਰਾਂਸਪੋਰਟ ਫੈਡਰੇਸ਼ਨ ਦੇ ਕਨਵੀਨਰ ਸੁਮੇਰ ਸਿਵਾਚ ਅਤੇ ਰਾਜਸਥਾਨ ਟਰਾਂਸਪੋਰਟ ਕਾਰਪੋਰੇਸ਼ਨ ਦੇ ਜਨਰਲ ਸਕੱਤਰ ਸਿਉਦਨ ਰਾਮ ਨੇ ਨਿੱਜੀਕਰਨ ਵਿਰੁੱਧ ਅਵਾਜ਼ ਬਲੰਦ ਕਰਦਿਆਂ ਟ੍ਰਾਂਸਪੋਰਟ ਦੇ ਕਾਮਿਆਂ ਨੂੰ ਪੱਕੇ ਕਰਨ ਅਤੇ ਪੈਨਸ਼ਨ ਸਕੀਮ ਦੇ ਘੇਰੇ ਵਿੱਚ ਸ਼ਾਮਲ ਕਰਨ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਸੂਬਾਈ ਪੱਧਰ ਤੇ ਦੇਸ਼ ਵਿਆਪੀ ਸਾਂਝੇ ਸੰਘਰਸ਼ ਨੂੰ ਕਾਮਯਾਬ ਕਰਨ ਲਈ ਜ਼ੋਰ ਦਿੱਤਾ।
ਅੰਤ ਵਿੱਚ ਪੰਜਾਬ ਰੋਡਵੇਜ਼ /ਪਨਬਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਦੇ ਸੂਬਾ ਸੰਸਥਾਪਕ ਕਮਲ ਕੁਮਾਰ ਨੇ ਸਮੂਹ ਕਰਮਚਾਰੀਆਂ ਨੂੰ ਇਕ ਮੰਚ ’ਤੇ ਇਕੱਠੇ ਹੋ ਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਉਪਰ ਜ਼ੋਰ ਦਿੱਤਾ। ਇਸ ਮੌਕੇ ਪੰਜਾਬ ਰੋਡਵੇਜ਼/ਪਨਬੱਸ/ ਪੀਆਰਟੀਸੀ ਜਥੇਬੰਦੀ ਦੇ ਆਗੂ ਬਲਜਿੰਦਰ ਸਿੰਘ, ਗੁਰਬਾਜ ਸਿੰਘ ਸੰਧੂ, ਜਤਿੰਦਰ ਸਿੰਘ ਦੀਦਾਰਗੜ ਦਲਜੀਤ ਸਿੰਘ, ਜਤਿੰਦਰ ਸਿੰਘ ਸੋਨੀ, ਸੁਖਵਿੰਦਰ ਸਿੰਘ ਬੱਬੂ, ਅਮਰੀਕ ਸਿੰਘ ਨਵਜੋਤ ਸਿੰਘ, ਹੈਪੀ,ਰਿੰਕੂ ,ਭੀਮ ਸਿੰਘ ਅਤੇ ਤੋਂ ਇਲਾਵਾ ਟੈਕਸੀ -ਟੈਂਪੂ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਆਗੂ ਉਦੈ ਭਾਨ ਵੀ ਹਾਜ਼ਰ ਹੋਏ ਤੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਦਾ ਭਰੋਸਾ ਦਿੱਤਾ।