ਸੀਵਰੇਜ, ਦੂਸ਼ਿਤ ਪਾਣੀ ਤੇ ਕੂੜੇ ਸਬੰਧੀ ਨਿਗਮ ਜ਼ੋਨ-ਸੀ ਦਫ਼ਤਰ ਘੇਰਿਆ ਸੀਵਰੇਜ, ਦੂਸ਼ਿਤ ਪਾਣੀ ਤੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮ ਜ਼ੋਨ-ਸੀ ਦਫ਼ਤਰ ਦਾ ਘਿਰਾਓ
Publish Date: Thu, 01 Oct 2026 06:35 PM (IST)
Updated Date: Fri, 02 Oct 2026 04:05 AM (IST)
-ਵਾਰਡ-33 ਤੇ 34 ਦੇ ਲੋਕਾਂ ਨੇ ਚੁੱਕੇ ਕਈ ਮੁੱਦੇ, 15 ਦਿਨਾਂ ’ਚ ਮਸਲੇ ਹੱਲ ਕਰਨ ਨਾ ਹੋਏ ਤਾਂ ਕਰਾਂਗੇ ਸੰਘਰਸ਼ 38) ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਲੁਧਿਆਣਾ ਹਲਕਾ ਲੁਧਿਆਣਾ ਦੱਖਣੀ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿੱਚ ਸੀਵਰੇਜ ਜਾਮ, ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀ ਸਪਲਾਈ, ਸੀਵਰੇਜ ਓਵਰਫਲੋਅ, ਕੂੜੇ ਦੇ ਢੇਰ ਅਤੇ ਟੁੱਟੀਆਂ ਸੜਕਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕਾਂ ਦਾ ਗੁੱਸਾ ਵੀਰਵਾਰ ਨੂੰ ਫੁੱਟ ਪਿਆ। ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਐਡਵੋਕੇਟ ਰਵਿੰਦਰ ਸਿੰਘ ਰਾਵਤ ਅਤੇ ਸਮਾਜ ਸੇਵੀ ਪ੍ਰਦੀਪ ਲਾਲਾ ਦੀ ਅਗਵਾਈ ਹੇਠ ਨਗਰ ਨਿਗਮ ਜ਼ੋਨ-ਸੀ ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਕਰੀਬ ਇੱਕ ਘੰਟੇ ਤੱਕ ਚੱਲੇ ਇਸ ਪ੍ਰਦਰਸ਼ਨ ਦੌਰਾਨ ਲੋਕਾਂ ਨੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਮੱਸਿਆਵਾਂ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਵਾਰਡ ਨੰਬਰ 33 ਅਤੇ 34 ਅਧੀਨ ਆਉਂਦੇ ਪ੍ਰੇਮ ਨਗਰ, ਕਰਮਜੀਤ ਨਗਰ, ਮਹਾ ਸਿੰਘ ਨਗਰ, ਅਜੀਤ ਸਿੰਘ ਕਲੋਨੀ, ਗਗਨ ਨਗਰ, ਕ੍ਰਿਸ਼ਨਾ ਨਗਰ, ਗੁਰੂ ਤੇਗ ਬਹਾਦਰ ਨਗਰ ਤੇ ਹੀਰੋ ਸੁਮਨ ਨਗਰ ਸਮੇਤ ਕਈ ਇਲਾਕਿਆਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਬੁਨਿਆਦੀ ਸਹੂਲਤਾਂ ਦੀ ਘਾਟ ਬਣੀ ਹੋਈ ਹੈ। ਮਹਾ ਸਿੰਘ ਨਗਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ, ਜਦਕਿ ਪ੍ਰੇਮ ਨਗਰ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਕ੍ਰਿਸ਼ਨਾ ਨਗਰ ਅਤੇ ਗੁਰੂ ਤੇਗ ਬਹਾਦਰ ਨਗਰ ’ਚ ਪੀਣਯੋਗ ਪਾਣੀ ਨਾਲ ਗੰਦਾ ਪਾਣੀ ਆਉਣ ਦੇ ਨਾਲ-ਨਾਲ ਸੀਵਰੇਜ ਜਾਮ ਹੋਣ ਦੀ ਸਮੱਸਿਆ ਬਣੀ ਹੋਈ ਹੈ। ਇਸ ਤੋਂ ਇਲਾਵਾ ਕਰਮਜੀਤ ਨਗਰ ਸਮੇਤ ਹੋਰ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਅਤੇ ਟੁੱਟੀਆਂ ਸੜਕਾਂ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡਵੋਕੇਟ ਰਾਵਤ ਅਤੇ ਲਾਲਾ ਨੇ ਦੋਸ਼ ਲਾਇਆ ਕਿ ਇਨ੍ਹਾਂ ਸਮੱਸਿਆਵਾਂ ਸਬੰਧੀ ਕਈ ਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਇਸ ਦੇ ਬਾਵਜੂਦ ਕੋਈ ਪੱਕਾ ਹੱਲ ਨਹੀਂ ਕੀਤਾ। ਲੋਕਾਂ ਨੂੰ ਵਾਰ-ਵਾਰ ਭਰੋਸਾ ਦੇ ਕੇ ਟਾਲਿਆ ਜਾ ਰਿਹਾ ਹੈ। ਇਸੇ ਕਾਰਨ ਮਜਬੂਰ ਹੋ ਕੇ ਨਿਗਮ ਦਫ਼ਤਰ ਦਾ ਘਿਰਾਓ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਸਾਲਿਡ ਵੇਸਟ ਮੈਨੇਜਮੈਂਟ ਦੀ ਵਿਵਸਥਾ ’ਤੇ ਵੀ ਸਵਾਲ ਚੁੱਕੇ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਨਿਗਮ ਕਮਿਸ਼ਨਰ ਗੁਰਪਾਲ ਸਿੰਘ ਅਤੇ ਐੱਸਡੀਓ ਜਗਰੂਪ ਸਿੰਘ ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਇਸ ਦੌਰਾਨ ਐੱਸਡੀਓ ਜਗਰੂਪ ਸਿੰਘ, ਅਮਨਦੀਪ ਸਿੰਘ ਤੇ ਜ਼ੋਨ-ਸੀ ਦੇ ਐਕਸੀਅਨ ਨਾਲ ਪ੍ਰਦਰਸ਼ਨਕਾਰੀਆਂ ਦੀ ਗੱਲਬਾਤ ਹੋਈ। ਅਧਿਕਾਰੀਆਂ ਨੇ ਸਮੱਸਿਆਵਾਂ ਤੇ ਸਬੰਧਤ ਮੁਹੱਲਿਆਂ ਦੀ ਸੂਚੀ ਤਿਆਰ ਕਰਕੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਨੂੰ 15 ਦਿਨਾਂ ਦਾ ਸਮਾਂ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਤੈਅ ਸਮੇਂ ਅੰਦਰ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਵੱਡੀ ਗਿਣਤੀ ਵਿੱਚ ਲੋਕ ਮੁੜ ਨਗਰ ਨਿਗਮ ਦਫ਼ਤਰ ਦਾ ਘਿਰਾਓ ਕਰਨਗੇ। ਇਸ ਮੌਕੇ ਕੁਲਦੀਪ ਬਿਸ਼ਟ, ਜਗਤ ਨਾਰਾਇਣ, ਕਮਲਜੀਤ ਕੌਰ, ਉਮਾਸ਼ੰਕਰ, ਡੀਐੱਸ ਠਾਕੁਰ, ਯੋਗੇਸ਼ ਯੋਗੀ, ਸ਼ੋਭਾ, ਕਾਕਾ ਜਿੰਦਲ, ਮਾਲਤੀ ਦੇਵੀ, ਵਿਕਾਸ ਸੇਠ, ਰਾਜੂ, ਪਵਨ ਯਾਦਵ, ਗੁਰਸੇਵਕ, ਦਵਿੰਦਰ ਬਾਂਸਲ, ਗੋਗੀ ਸ਼ਰਮਾ, ਪੀਤਾਂਬਰ ਸ਼ਰਮਾ, ਦਿਨੇਸ਼ ਕੁਮਾਰ, ਮਨੋਜ ਕੁਮਾਰ, ਦਲੀਪ ਕੁਮਾਰ ਅਤੇ ਰਾਹੁਲ ਕੁਮਾਰ ਸਮੇਤ ਹੋਰ ਇਲਾਕਾ ਵਾਸੀ ਮੌਜੂਦ ਰਹੇ। -ਬਾਕਸ- -ਨਾਜਾਇਜ਼ ਇਮਾਰਤਾਂ ਤੇ ਨਿਗਮ ਦੇ ਨਾਂ ’ਤੇ ਧਮਕਾਉਣ ਵਾਲਿਆਂ ਦਾ ਮੁੱਦਾ ਵੀ ਚੁੱਕਿਆ ਪ੍ਰਦਰਸ਼ਨ ਦੌਰਾਨ ਇਲਾਕੇ ਵਿੱਚ ਕਥਿਤ ਤੌਰ ’ਤੇ ਨਿਗਮ ਦੇ ਨਿਯਮਾਂ ਦੇ ਉਲਟ ਬਣਾਈਆਂ ਜਾ ਰਹੀਆਂ ਮਲਟੀਸਟੋਰੀ ਇਮਾਰਤਾਂ ਦਾ ਮਾਮਲਾ ਵੀ ਚੁੱਕਿਆ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਕੁਝ ਥਾਵਾਂ ’ਤੇ ਬੇਸਮੈਂਟ ਬਣਾ ਕੇ ਬਹੁਮੰਜ਼ਿਲਾ ਇਮਾਰਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅਜਿਹੀਆਂ ਇਮਾਰਤਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕੁੱਝ ਵਿਅਕਤੀਆਂ ਵੱਲੋਂ ਆਪਣੇ ਆਪ ਨੂੰ ਨਗਰ ਨਿਗਮ ਦਾ ਕਰਮਚਾਰੀ ਦੱਸ ਕੇ ਨਵੇਂ ਮਕਾਨ ਜਾਂ ਦੁਕਾਨ ਬਣਾਉਣ ਵਾਲਿਆਂ ਨੂੰ ਉਸਾਰੀ ਢਾਹੁਣ ਦੀਆਂ ਧਮਕੀਆਂ ਦੇਣ ਦਾ ਦੋਸ਼ ਵੀ ਲਾਇਆ ਗਿਆ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਵਿਅਕਤੀ ਬਿਨਾਂ ਪਛਾਣ ਪੱਤਰ ਦਿਖਾਏ ਆਪਣੇ ਆਪ ਨੂੰ ਨਿਗਮ ਕਰਮਚਾਰੀ ਦੱਸ ਕੇ ਧਮਕਾਉਂਦਾ ਹੈ ਤਾਂ ਉਸ ਦੀ ਸ਼ਿਕਾਇਤ ਕੀਤੀ ਜਾਵੇ। ਅਜਿਹੇ ਮਾਮਲਿਆਂ ਵਿੱਚ ਐੱਫਆਈਆਰ ਦਰਜ ਕਰਵਾਉਣ ਦੀ ਕਾਰਵਾਈ ਕੀਤੀ ਜਾਵੇਗੀ।