- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
24 ਚੌਕੀਦਾਰਾਂ ਦੀ ਡਿਊਟੀ ’ਤੇ ਉੱਠੇ ਸਵਾਲ

ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਨਿਗਮ ਲੁਧਿਆਣਾ ਦੇ ਜ਼ੋਨ-ਏ ਦੀ ਲਾਈਟ ਬ੍ਰਾਂਚ ’ਚ ਆਊਟਸੋਰਸ ਅਧਾਰ ’ਤੇ ਰੱਖੇ ਗਏ 24 ਚੌਕੀਦਾਰਾਂ ਅਤੇ ਦੋ ਇਲੈਕਟ੍ਰੀਸ਼ਨਾਂ ਦੀ ਤਾਇਨਾਤੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਐੱਫਐਂਡਸੀ ਮੈਂਬਰ ਅਤੇ ਕੌਂਸਲਰ ਗੌਰਵ ਭੱਟੀ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਨਿਗਮ ਕਮਿਸ਼ਨਰ ਕੋਲ ਮਾਮਲਾ ਉਠਾਇਆ ਹੈ। ਕੌਂਸਲਰ ਭੱਟੀ ਨੇ ਕਿਹਾ ਕਿ ਇੱਕ ਪਾਸੇ ਸਟਰੀਟ ਲਾਈਟਾਂ ਦੀ ਮੈਂਟੀਨੈਂਸ ਦਾ ਕੰਮ ਟਾਟਾ ਕੰਪਨੀ ਨਾਲ ਹੋਏ ਕਰਾਰ ਤਹਿਤ ਕੀਤਾ ਜਾ ਰਿਹਾ ਹੈ ਤੇ ਇਸ ਲਈ ਕੰਪਨੀ ਨੂੰ ਅਦਾਇਗੀ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲਾਈਟ ਬ੍ਰਾਂਚ ਵੱਲੋਂ ਵੱਖਰੇ ਤੌਰ ’ਤੇ 24 ਚੌਕੀਦਾਰ ਤੇ ਦੋ ਇਲੈਕਟ੍ਰੀਸ਼ਨ ਆਊਟਸੋਰਸ ਅਧਾਰ ’ਤੇ ਰੱਖੇ ਗਏ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਸਟਰੀਟ ਲਾਈਟਾਂ ਦੀ ਮੈਂਟੀਨੈਂਸ ਦੀ ਜ਼ਿੰਮੇਵਾਰੀ ਕੰਪਨੀ ਕੋਲ ਹੈ ਤਾਂ ਇਹ 24 ਚੌਕੀਦਾਰ ਆਖ਼ਿਰ ਕਿਹੜੀਆਂ ਲਾਈਟਾਂ ਦੀ ਚੌਕੀਦਾਰੀ ਕਰ ਰਹੇ ਹਨ? ਕੌਂਸਲਰ ਭੱਟੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਵਾਰਡ ਨੰਬਰ 26 ਵਿੱਚ ਇਨ੍ਹਾਂ ਚੌਕੀਦਾਰਾਂ ਵਿੱਚੋਂ ਕੋਈ ਵੀ ਸਟਰੀਟ ਲਾਈਟਾਂ ਦੀ ਚੌਕੀਦਾਰੀ ਕਰਦਾ ਨਜ਼ਰ ਨਹੀਂ ਆਇਆ। ਕੌਂਸਲਰ ਭੱਟੀ ਨੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ 24 ਚੌਕੀਦਾਰਾਂ ਤੇ ਦੋ ਇਲੈਕਟ੍ਰੀਸ਼ੀਅਨਾਂ ਦੇ ਨਿਯੁਕਤੀ ਆਰਡਰ, ਵਾਰਡਵਾਈਜ਼ ਡਿਊਟੀ ਚਾਰਟ, ਹਾਜ਼ਰੀ ਰਜਿਸਟਰ, ਤਨਖਾਹ ਜਾਂ ਮਿਹਨਤਾਨੇ ਦੀਆਂ ਅਦਾਇਗੀਆਂ, ਸਰਕਾਰੀ ਮਨਜ਼ੂਰੀ, ਬਜਟ ਪ੍ਰੋਵੀਜ਼ਨ ਤੇ ਟਾਟਾ ਕੰਪਨੀ ਨਾਲ ਹੋਏ ਕਰਾਰ ਦੀਆਂ ਸਬੰਧਤ ਸ਼ਰਤਾਂ ਦੀ ਪੂਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।