- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸ਼ਵਿੰਦਰ ਸਿੰਘ ‘ਮਿਸਟਰ ਫ੍ਰੈਸ਼ਰ’ ਅਤੇ ਸੁਖਮਨ ਕੌਰ ਬਣੀ ‘ਮਿਸ ਫ੍ਰੈਸ਼ਰ

5)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ ਲੁਧਿਆਣਾ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਵੱਲੋਂ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ‘ਜਸ਼ਨ-ਏ-ਤਆਰੁਫ਼’ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਪੀਏਯੂ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਹਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ, ਮਿਹਨਤ, ਨਵੀਆਂ ਕਾਢਾਂ ਅਤੇ ਜੀਵਨ ਭਰ ਸਿੱਖਣ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਆਪਣੀਆਂ ਅਕਾਦਮਿਕ ਅਤੇ ਪੇਸ਼ੇਵਰ ਮੰਜ਼ਿਲਾਂ ਹਾਸਲ ਕਰਨ ਲਈ ਉੱਤਮਤਾ ਵੱਲ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਉਨ੍ਹਾਂ ਪੀਏਯੂ ਵੱਲੋਂ ਵੱਖ-ਵੱਖ ਖੇਤਰਾਂ ’ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਪੈਦਾ ਕਰਨ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਵਿਰਾਸਤ ਨੂੰ ਅੱਗੇ ਤੋਰਨ ਅਤੇ ਆਪਣੀਆਂ ਪ੍ਰਾਪਤੀਆਂ ਰਾਹੀਂ ਪੀਏਯੂ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਿਟੀਜ਼ ਦੇ ਡੀਨ ਡਾ. ਕਮਲ ਵੱਟਾ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਅਕਾਦਮਿਕ ਦੇ ਨਾਲ-ਨਾਲ ਸਹਿ-ਪਾਠਕ੍ਰਮ ਤੇ ਹੋਰ ਗਤੀਵਿਧੀਆਂ ’ਚ ਸਰਗਰਮੀ ਨਾਲ ਹਿੱਸਾ ਲੈਣ ਲਈ ਕਿਹਾ। ਡਾ. ਸ਼ਾਲਿਨੀ ਸ਼ਰਮਾ ਨੇ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਅਕਾਦਮਿਕ, ਸੱਭਿਆਚਾਰਕ ਤੇ ਸਹਿ-ਪਾਠਕ੍ਰਮ ਗਤੀਵਿਧੀਆਂ ਲਈ ਸਾਰਥਕ ਮੌਕੇ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਰਿਹਾ। ਵਿਦਿਆਰਥੀਆਂ ਵੱਲੋਂ ਸਕਿੱਟ, ‘ਫਰਜ਼ੀ ਮੁਸ਼ਾਇਰਾ’, ਪੱਛਮੀ ਅਤੇ ਰਵਾਇਤੀ ਪੰਜਾਬੀ ਨਾਚ, ਸੰਗੀਤਕ ਪੇਸ਼ਕਾਰੀਆਂ ਅਤੇ ਜੋਸ਼ ਭਰਪੂਰ ਭੰਗੜਾ ਪੇਸ਼ ਕੀਤਾ।
ਇਸ ਮੌਕੇ ਪ੍ਰਤਿਭਾ ਖੋਜ ਮੁਕਾਬਲੇ ਦੀ ਨਿਰਪੱਖ ਅਤੇ ਸੁਚੱਜੀ ਪਰਖ ਲਈ ਜੱਜਾਂ ਡਾ. ਐੱਮਐੱਸ. ਤੂਰ, ਸੰਸਥਾਪਕ ਮੈਂਬਰ ਸੁਸਾਇਟੀ ਫਾਰ ਐਡਵਸਮੈਂਟ ਆਫ ਅਕੈਡਮਿਕਸ, ਸਪੋਰਟਸ ਐਂਡ ਕਲਚਰਲ ਐਕਟੀਵਿਟੀਜ਼, ਡਾ. ਸੁਚੇਤਾ ਸ਼ਰਮਾ, ਸਾਬਕਾ ਸਕੱਤਰ ਨੂੰ ਸਨਮਾਨਿਤ ਕੀਤਾ ਗਿਆ। ਡਾ. ਸ਼ੀਤਲ ਥਾਪਰ, ਸਾਬਕਾ ਸਕੱਤਰ ਵੀ ਇਸ ਮੌਕੇ ਹਾਜ਼ਰ ਸਨ। ‘ਮਿਸਟਰ ਫ੍ਰੈਸ਼ਰ’ ਦਾ ਖਿਤਾਬ ਬੋਟਨੀ ਵਿਭਾਗ ਦੇ ਅਸ਼ਵਿੰਦਰ ਸਿੰਘ ਅਤੇ ‘ਮਿਸ ਫ੍ਰੈਸ਼ਰ’ ਦਾ ਖਿਤਾਬ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੀ ਸੁਖਮਨ ਕੌਰ ਨੇ ਹਾਸਲ ਕੀਤਾ। ਇਸ ਮੌਕੇ 2024-2026 ਦੇ ਵਿਦਿਆਰਥੀ ਕੌਂਸਲ ਦੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਅਤੇ ਨਵੀਂ 2026-2028 ਦੀ ਵਿਦਿਆਰਥੀ ਕੌਂਸਲ ਦਾ ਐਲਾਨ ਵੀ ਕੀਤਾ ਗਿਆ। ਵੱਖ-ਵੱਖ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਗਈ ਪ੍ਰਦਰਸ਼ਨੀ ਵੀ ਲਾਈ ਗਈ, ਜਿਸ ਵਿੱਚ ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਕਲਾਤਮਕ ਪ੍ਰਤਿਭਾ ਦੀ ਝਲਕ ਵੇਖਣ ਨੂੰ ਮਿਲੀ। ਅੰਤ ਵਿੱਚ ਕੈਮਿਸਟਰੀ ਵਿਭਾਗ ਦੀ ਪ੍ਰੋਫੈਸਰ ਡਾ. ਮਨਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।