ਧੜੱਲੇ ਨਾਲ ਹੋ ਰਹੀ ਘਰੇਲੂ ਗੈਸ ਦੀ ਵਪਾਰਕ ਵਰਤੋਂ ਧੜੱਲੇ ਨਾਲ ਹੋ ਰਹੀ ਘਰੇਲੂ ਗੈਸ ਦੀ ਵਪਾਰਕ ਵਰਤੋਂ
Publish Date: Wed, 30 Sep 2026 08:55 PM (IST)
Updated Date: Thu, 01 Oct 2026 04:07 AM (IST)
ਸਟੀਵਨ ਗੁਪਤਾ, ਪੰਜਾਬੀ ਜਾਗਰਣ, ਲੁਧਿਆਣਾ ਜਿੱਥੇ ਇੱਕ ਪਾਸੇ ਘਰੇਲੂ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਲਈ ਪਰੇਸ਼ਾਨੀ ਝੱਲਣੀ ਪੈਂਦੀ ਹੈ, ਉੱਥੇ ਦੂਜੇ ਪਾਸੇ ਕੁੱਝ ਵਪਾਰਕ ਅਦਾਰਿਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਕੋਲ ਘਰੇਲੂ ਗੈਸ ਸਿਲੰਡਰ ਆਸਾਨੀ ਨਾਲ ਪਹੁੰਚ ਰਹੇ ਹਨ ਤੇ ਕਥਿਤ ਤੌਰ ’ਤੇ ਧੜੱਲੇ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਸਥਿਤੀ ਵਿਭਾਗ ਦੀ ਨਿਗਰਾਨੀ ਤੇ ਗੈਸ ਸਪਲਾਈ ਪ੍ਰਬੰਧ ’ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਸ਼ਹਿਰ ਦੇ ਕਈ ਢਾਬਿਆਂ ਤੇ ਫਾਸਟ ਫੂਡ ਸਟਾਲਾਂ ’ਤੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਥਾਂ ਘਰੇਲੂ ਐੱਲਪੀਜੀ ਸਿਲੰਡਰਾਂ ਦੀ ਕਥਿਤ ਤੌਰ ’ਤੇ ਵਰਤੋਂ ਕੀਤੇ ਜਾਣ ਦੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੇ ਹਨ। ਇਸ ਦੇ ਬਾਵਜੂਦ ਜੇਕਰ ਅਜਿਹੀ ਵਰਤੋਂ ਜਾਰੀ ਹੈ ਤਾਂ ਇਹ ਸਬੰਧਤ ਵਿਭਾਗ ਦੀ ਨਿਗਰਾਨੀ ਪ੍ਰਣਾਲੀ ’ਤੇ ਸਵਾਲ ਖੜ੍ਹੇ ਕਰਦੀ ਹੈ। ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਜਿੱਥੇ ਵੀ ਘਰੇਲੂ ਗੈਸ ਸਿਲੰਡਰ ਦੀ ਕਥਿਤ ਤੌਰ ’ਤੇ ਵਪਾਰਕ ਵਰਤੋਂ ਹੋ ਰਹੀ ਹੈ, ਉੱਥੇ ਨਿਯਮਾਂ ਅਨੁਸਾਰ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਜੇਕਰ ਜਾਂਚ ਦੌਰਾਨ ਕਿਸੇ ਗੈਸ ਏਜੰਸੀ ਦੇ ਕਰਮਚਾਰੀ ਜਾਂ ਕਿਸੇ ਹੋਰ ਵਿਅਕਤੀ ਦੀ ਕਥਿਤ ਮਿਲੀਭੁਗਤ ਸਾਹਮਣੇ ਆਉਂਦੀ ਹੈ ਤਾਂ ਉਸ ਵਿਰੁੱਧ ਵੀ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਘਰੇਲੂ ਗੈਸ ਦੀ ਸਪਲਾਈ ’ਚ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ, ਤਾਂ ਜੋ ਆਮ ਖਪਤਕਾਰਾਂ ਨੂੰ ਸਿਲੰਡਰ ਲੈਣ ਲਈ ਵਾਰ-ਵਾਰ ਏਜੰਸੀਆਂ ਦੇ ਚੱਕਰ ਨਾ ਕੱਟਣੇ ਪੈਣ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।