- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਵਿਤਰੀ ਦੀ ਯਾਦ ’ਚ ਪੁਸਤਕ ‘ਸੁਪਨੇ ਬਣੇ ਹਕੀਕਤ’ ਲੋਕ ਅਰਪਣ

ਸੁਖਦੇਵ ਸਿੰਘ, ਪੰਜਾਬੀ ਜਾਗਰਣ, ਲੁਧਿਆਣਾ
ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਵਿਖੇ ਕਾਲਜ ਦੀ ਸਾਬਕਾ ਅਧਿਆਪਕਾ, ਪ੍ਰਤਿਭਾਸ਼ਾਲੀ ਕਵਿੱਤਰੀ, ਲੇਖਿਕਾ ਅਤੇ ਕਲਾਕਾਰ ਸਵਰਗੀ ਬਬਲੀ ਐਸ. ਸਿੰਘ ਦੀ ਯਾਦ ਵਿੱਚ ਇੱਕ ਭਾਵਪੂਰਨ ਪੁਸਤਕ ਵਿਮੋਚਨ ਸਮਾਰੋਹ ਆਯੋਜਿਤ ਕੀਤਾ ਗਿਆ। ‘ਸੁਪਨੇ ਬਣੇ ਹਕੀਕਤ’ ਨਾਮਕ ਇਹ ਪੁਸਤਕ ਬਬਲੀ ਦੀਆਂ ਸਾਹਿਤਕ ਰਚਨਾਵਾਂ ਦਾ ਸੰਗ੍ਰਹਿ ਹੈ, ਜਿਸਨੂੰ ਉਨ੍ਹਾਂ ਦੇ ਭਰਾ ਮਨਜਿੰਦਰ ਪਾਲ ਸਿੰਘ ਤੇ ਭੈਣ ਅਮਰਜੀਤ ਕੌਰ ਨੇ ਬੜੇ ਪਿਆਰ ਅਤੇ ਸਮਰਪਣ ਨਾਲ ਸੰਕਲਿਤ ਕਰਕੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਸਮਾਰੋਹ ਵਿੱਚ ਪ੍ਰਸਿੱਧ ਖੇਤੀਬਾੜੀ ਅਰਥਸ਼ਾਸਤਰੀ, ਵਿਦਵਾਨ ਅਤੇ ਪ੍ਰਸ਼ਾਸਕ ਪਦਮ ਭੂਸ਼ਣ ਡਾ. ਸਰਦਾਰਾ ਸਿੰਘ ਜੌਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਦੀ ਸ਼ੋਭਾ ਪ੍ਰੋ. ਗੁਰਭਜਨ ਸਿੰਘ ਗਿੱਲ, ਜਨਮੇਜਾ ਸਿੰਘ ਜੌਹਲ, ਰਣਜੋਧ ਸਿੰਘ, ਮਲਕੀਤ ਸਿੰਘ ਔਲਖ, ਬ੍ਰਿਜ ਭੂਸ਼ਣ ਗੋਇਲ, ਤੇਜ ਪ੍ਰਤਾਪ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਤੂਰ ਸਮੇਤ ਕਈ ਪ੍ਰਸਿੱਧ ਸਾਹਿਤਕ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਅਤੇ ਮਹਿਮਾਨਾਂ ਦੀ ਗਰਿਮਾਮਈ ਹਾਜ਼ਰੀ ਨਾਲ ਵਧੀ। ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ, ਉਪਰੰਤ ਮੁੱਖ ਮਹਿਮਾਨ ਦਾ ਬੂਟਾ ਭੇਟ ਕਰਕੇ ਸਵਾਗਤ ਕੀਤਾ ਗਿਆ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਤ੍ਰਿਪਤਾ ਨੇ ਆਪਣੇ ਸੰਬੋਧਨ ਵਿੱਚ ਬਬਲੀ ਦੇ ਰਚਨਾਤਮਕ ਯੋਗਦਾਨ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਸ਼ਰਧਾ ਨਾਲ ਯਾਦ ਕੀਤਾ। ਮੁੱਖ ਮਹਿਮਾਨ, ਖਾਲਸਾ ਦੀਵਾਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਪਰਿਵਾਰਕ ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਪੁਸਤਕ ਦਾ ਰਸਮੀ ਵਿਮੋਚਨ ਕੀਤਾ ਗਿਆ। ਇਸ ਮੌਕੇ ਬਬਲੀ ਨੂੰ ਸਮਰਪਿਤ ਵੀਡੀਓ ਪੇਸ਼ ਕੀਤੀ ਗਈ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਅਤੇ ਭਾਵਨਾਵਾਂ ਸਾਂਝੀਆਂ ਕੀਤੀਆਂ ਗਈਆਂ।