- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਲਰ ਮਾਲਕਾਂ ਵੱਲੋਂ ਗੁਆਂਢੀ ਦੇ ਖੇਤ ’ਚ ਗਰਕਣੀ ਬਣਾ ਕੇ ਗੰਦਾ ਪਾਣੀ ਸੁੱਟਣ ਦੇ ਦੋਸ਼

-ਜਮਹੂਰੀ ਕਿਸਾਨ ਸਭਾ ਨੇ ਦੂਸ਼ਿਤ ਪਾਣੀ ਧਰਤੀ ’ਚ ਪਾਉਣ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਇੱਥੋਂ ਨੇੜਲੇ ਪਿੰਡ ਆਸੀ ਕਲਾਂ ’ਚ ਸਥਿਤ ਜੈ ਗੰਗਾ ਰਾਈਸ ਐਂਡ ਜਨਰਲ ਮਿੱਲ ਦੇ ਮਾਲਕਾਂ ਵੱਲੋਂ ਗੁਆਂਢੀ ਜਸਪਾਲ ਸਿੰਘ ਦੇ ਖੇਤ ਵਿੱਚ ਕਥਿਤ ਤੌਰ ’ਤੇ ਪਿਛਲੇ ਕਈ ਸਾਲਾਂ ਤੋਂ ਸੈਲਰ ਦਾ ਗੰਦਾ ਪਾਣੀ ਧਰਤੀ ਹੇਠਾਂ ਗਰਕਣੀ (ਡੈਗ) ਬਣਾ ਕੇ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਖੇਤ ਮਾਲਕ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਭਾਰਤ ਤੋਂ ਬਾਹਰ ਰਹਿੰਦਾ ਹੈ, ਜਿਸ ਕਾਰਨ ਉਸ ਦੇ ਖੇਤ ਵਿੱਚ ਕੋਈ ਫ਼ਸਲ ਨਹੀਂ ਬੀਜੀ ਗਈ ਸੀ ਅਤੇ ਖੇਤ ਵਿੱਚ ਘਾਹ-ਫੂਸ ਤੇ ਝਾੜੀਆਂ ਉੱਗੀਆਂ ਹੋਈਆਂ ਸਨ। ਜਦੋਂ ਉਸ ਨੇ ਖੇਤ ਦੀ ਸਫ਼ਾਈ ਕਰਵਾਉਣੀ ਸ਼ੁਰੂ ਕੀਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਗੈਰ-ਹਾਜ਼ਰੀ ਵਿੱਚ ਗੁਆਂਢੀ ਸੈਲਰ ਵੱਲੋਂ ਖੇਤ ਵਿੱਚ ਗਰਕਣੀ (ਡੈਗ) ਬਣਾ ਕੇ ਉਸ ਵਿੱਚ ਕਥਿਤ ਤੌਰ ’ਤੇ ਗੰਦਾ ਪਾਣੀ ਪਾਇਆ ਜਾ ਰਿਹਾ ਸੀ। ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਪੁਲਿਸ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸ਼ਿਕਾਇਤ ਕੀਤੀ ਹੈ। ਉਸ ਦਾ ਦੋਸ਼ ਹੈ ਕਿ ਸ਼ਿਕਾਇਤ ਤੋਂ ਬਾਅਦ ਸੈਲਰ ਮਾਲਕਾਂ ਵੱਲੋਂ ਕਥਿਤ ਤੌਰ ’ਤੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਉਸ ਦੇ ਖੇਤ ਵਿੱਚ ਬਣੀ ਡੈਗ ਨੂੰ ਭੰਨ ਕੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ।
ਹਾਲਾਂਕਿ, ਉਸ ਅਨੁਸਾਰ ਸੈਲਰ ਦਾ ਗੰਦਾ ਪਾਣੀ ਅਜੇ ਵੀ ਉਸ ਦੇ ਖੇਤ ਵਿੱਚ ਆ ਰਿਹਾ ਹੈ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਭਾਈ ਸ਼ਮਸ਼ੇਰ ਸਿੰਘ ਆਸੀ ਕਲਾਂ ਨੇ ਮੌਕੇ ਦਾ ਜਾਇਜ਼ਾ ਲਿਆ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੈਅ ਨਿਯਮਾਂ ਦੀ ਉਲੰਘਣਾ ਕਰਕੇ ਦੂਸ਼ਿਤ ਪਾਣੀ ਬਿਨਾਂ ਟਰੀਟ ਕੀਤੇ ਧਰਤੀ ਵਿੱਚ ਪਾਉਣ ਦੇ ਦੋਸ਼ਾਂ ਦੀ ਜਾਂਚ ਕਰਕੇ ਸੈਲਰ ਮਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸੈਲਰ ਨੂੰ ਲੋੜੀਂਦੀਆਂ ਮਨਜ਼ੂਰੀਆਂ ਮਿਲੀਆਂ ਹੋਣ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ।ਜਸਪਾਲ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਮੌਕੇ ’ਤੇ ਪਹੁੰਚੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਮਾਮਲੇ ਦੀ ਪੂਰੀ ਜਾਂਚ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਦਫ਼ਤਰ ਸਕੱਤਰ ਨਛੱਤਰ ਸਿੰਘ, ਪਰਮਿੰਦਰ ਸਿੰਘ ਸਮੇਤ ਹੋਰ ਵਿਅਕਤੀ ਵੀ ਹਾਜ਼ਰ ਸਨ।