- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਗੂਆਂ ਨੇ ਸਹਾਇਕ ਲੇਬਰ ਕਮਿਸ਼ਨਰ ਲੁਧਿਆਣਾ ਨਾਲ ਕੀਤੀ ਮੀਟਿੰਗ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ 23 (ਪੰਜਾਬ) ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗਗਨਦੀਪ ਸਿੰਘ ਸੁਨਾਮ ਅਤੇ ਯਾਦਵਿੰਦਰ ਸਿੰਘ ਯਾਦੀ ਦੀ ਅਗਵਾਈ ਹੇਠ ਆਗੂਆਂ ਦੇ ਇੱਕ ਵਫ਼ਦ ਦੀ ਜਸਵੀਰ ਸਿੰਘ ਖਰੌੜ ਸਹਾਇਕ ਲੇਬਰ ਕਮਿਸ਼ਨਰ ਲੁਧਿਆਣਾ ਨਾਲ ਮੀਟਿੰਗ ਕੀਤੀ ਗਈ ,ਜਿਸ ਵਿਚ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਿੱਚ ਆਊਟਸੋਰਸ ਸਿਸਟਮ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਠੇਕੇਦਾਰਾਂ ਵੱਲੋਂ ਕਿਰਤ ਕਾਨੂੰਨ ਅਨੁਸਾਰ ਪੂਰੀਆਂ ਉਜਰਤਾਂ ਤੇ ਹੋਰ ਲਾਭ ਨਹੀਂ ਦਿੱਤੇ ਜਾ ਰਹੇ। ਮੰਡਲ ਲੁਧਿਆਣਾ ਅਧੀਨ ਪੈਂਦੇ ਸਟੇਸ਼ਨ ਪਾਇਲ ਅਤੇ ਮਲੌਦ ਦੇ ਮੁਲਾਜ਼ਮਾਂ ਨੂੰ ਠੇਕੇਦਾਰ ਵੱਲੋਂ ਮਹਿਜ਼ 9 ਤੋਂ 10 ਹਜਾਰ ਰੁਪਏ ਤਨਖਾਹ ਹੀ ਦਿੱਤੀ ਜਾ ਰਹੀ ਹੈ। ਠੇਕੇਦਾਰ ਵੱਲੋਂ ਕਿਸੇ ਵੀ ਵਰਕਰ ਦਾ ਈਪੀਐਫ ਅੱਜ ਤੱਕ ਜਮਾਂ ਹੀ ਨਹੀਂ ਕਰਵਾਇਆ ਗਿਆ ਕਿਸੇ ਵਰਕਰ ਦਾ ਈਐਸਆਈ ਕਾਰਡ ਜਾਰੀ ਨਹੀਂ ਕੀਤਾ ਗਿਆ ਹੈ, ਮੌਜੂਦਾ ਅਤੇ ਪਿਛਲੇ ਠੇਕੇਦਾਰਾਂ ਵੱਲੋਂ ਵਰਕਰਾਂ ਨੂੰ ਦੋ ਦੋ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਗਈ, ਕਿਸੇ ਵਰਕਰ ਨੂੰ ਬੋਨਸ ਨਹੀਂ ਦਿੱਤਾ ਜਾਂਦਾ ,ਠੇਕੇਦਾਰ ਵੱਲੋਂ ਇਹਨਾਂ ਮੁਲਾਜ਼ਮਾਂ ਤੋਂ ਬੰਧੂਆ ਮਜ਼ਦੂਰਾਂ ਦੀ ਤਰ੍ਹਾਂ ਕੰਮ ਲਿਆ ਜਾਂਦਾ ਹੈ ਅਤੇ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਇਹ ਧੱਕੇਸ਼ਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਜੇਕਰ 15 ਦਿਨ ਦੇ ਅੰਦਰ ਅੰਦਰ ਕਾਮਿਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਹੱਲ ਨਾ ਕੀਤਾ, ਤਾਂ ਕਾਮੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਇਸ ਮੌਕੇ ਜਸਵੀਰ ਕੌਰ, ਗੁਰਪ੍ਰੀਤ ਕੌਰ ,ਕਰਨੈਲ ਸਿੰਘ, ਮਨਪ੍ਰੀਤ ਸਿੰਘ ਜਸਵੀਰ ਸਿੰਘ,ਚੰਦਰਭਾਨ,ਰਮਨਦੀਪ ਸਿੰਘ,ਹਰਸ਼ਦੀਪ ਸਿੰਘ,ਸਿਕੰਦਰ ਸਿੰਘ,ਅਰਜਿੰਦਰ ਸਿੰਘ ਤੇ ਪਰਮਜੀਤ ਸਿੰਘ ਵਫਦ ਵਿੱਚ ਸ਼ਾਮਲ ਸਨ।