- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿੰਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ

ਸੁਖਦੇਵ ਸਿੰਘ, ਪੰਜਾਬੀ ਜਾਗਰਣ ਲੁਧਿਆਣਾ
ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਨੂੰ ਸਮਰਪਿਤ “ਹਿੰਦੀ ਭਾਸ਼ਾ ਦਾ ਵਰਤਮਾਨ ਸਰੂਪ ਅਤੇ ਭਵਿੱਖ ਵਿੱਚ ਨਵੀਆਂ ਸੰਭਾਵਨਾਵਾਂ” ਵਿਸ਼ੇ ’ਤੇ ਇੱਕ ਵਿਸ਼ੇਸ਼ ਐਕਸਟੈਂਸ਼ਨ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਮੈਂਬਰ ਅਤੇ ਐੱਸਸੀਡੀ. ਸਰਕਾਰੀ ਕਾਲਜ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਦੇ ਸੇਵਾਮੁਕਤ ਡਾ. ਮੁਕੇਸ਼ ਕੁਮਾਰ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ. ਕਿਰਨਦੀਪ ਕੌਰ (ਪ੍ਰਿੰਸੀਪਲ, ਐੱਮਟੀਐੱਸ. ਕਾਲਜ, ਲੁਧਿਆਣਾ) ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਅਤੇ ਹਿੰਦੀ ਵਿਭਾਗ ਦੀ ਮੁਖੀ ਮਨਦੀਪ ਕੌਰ ਵੱਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਬੁਲਾਰੇ ਡਾ. ਮੁਕੇਸ਼ ਕੁਮਾਰ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਹਿੰਦੀ ਭਾਸ਼ਾ ਦੇ ਵਿਕਾਸ, ਇਸ ਦੇ ਵਰਤਮਾਨ ਸਰੂਪ ਅਤੇ ਬਦਲਦੇ ਤਕਨੀਕੀ ਅਤੇ ਸਮਾਜਿਕ ਪਰਿਵੇਸ਼ ਵਿੱਚ ਇਸ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਹਿੰਦੀ ਕੇਵਲ ਸਾਹਿਤ ਅਤੇ ਸੰਚਾਰ ਤੱਕ ਸੀਮਿਤ ਨਹੀਂ ਰਹੀ, ਸਗੋਂ ਡਿਜੀਟਲ ਮਾਧਿਅਮਾਂ, ਮੀਡੀਆ, ਸਿੱਖਿਆ, ਪ੍ਰਸ਼ਾਸਨ ਅਤੇ ਵੱਖ-ਵੱਖ ਵਪਾਰਕ ਖੇਤਰਾਂ ਵਿੱਚ ਵੀ ਹਿੰਦੀ ਲਈ ਨਵੀਆਂ ਸੰਭਾਵਨਾਵਾਂ ਲਗਾਤਾਰ ਵਿਕਸਿਤ ਹੋ ਰਹੀਆਂ ਹਨ। ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਮੁੱਖ ਮਹਿਮਾਨ ਅਤੇ ਬੁਲਾਰੇ ਡਾ. ਮੁਕੇਸ਼ ਕੁਮਾਰ ਅਰੋੜਾ ਦਾ ਸਨਮਾਨ ਕਰਦਿਆਂ ਕਿਹਾ ਕਿ ਅਜਿਹੇ ਵਿਦਿਅਕ ਪ੍ਰੋਗਰਾਮ ਵਿਦਿਆਰਥਣਾਂ ਨੂੰ ਵਿਸ਼ੇ ਨਾਲ ਸਬੰਧਤ ਨਵੀਂ ਜਾਣਕਾਰੀ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਗਿਆਨ ਅਤੇ ਦ੍ਰਿਸ਼ਟੀਕੋਣ ਨੂੰ ਵਿਸ਼ਾਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।