- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੁੱਡੀਆਂ ਨੇ ਓਬਰਾਏ ਡਾਇਗਨੋਸਟਿਕ ਲੈਬ ਦਾ ਕੀਤਾ ਦੌਰਾ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਲੇਮ ਟਾਬਰੀ ਸਥਿਤ ਡਾ. ਡੀਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਰਿਸਰਚ ਸੈਂਟਰ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚਲਾਈ ਜਾ ਰਹੀ ਸੰਨੀ ਓਬਰਾਏ ਡਾਇਗਨੋਸਟਿਕ ਲੈਬ ਦਾ ਦੌਰਾ ਕੀਤਾ। ਇਸ ਮੌਕੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਇੰਦਰਜੀਤ ਸਿੰਘ, ਟਰੱਸਟ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ,ਸੁਖਬੀਰ ਸਿੰਘ ਜਾਖੜ ਤੇ ਹੋਰ ਪਤਵੰਤੇ ਹਾਜ਼ਰ ਸਨ। ਡਾ. ਇੰਦਰਜੀਤ ਸਿੰਘ ਨੇ ਖੇਤੀਬਾੜੀ ਮੰਤਰੀ ਨੂੰ ਲੈਬ ਦੀ ਕਾਰਜਪ੍ਰਣਾਲੀ ਤੇ ਉਪਲੱਬਧ ਜਾਂਚ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੈਬ ਦੀ ਸ਼ੁਰੂਆਤ 23 ਮਾਰਚ ਨੂੰ ਹੋਈ ਸੀ ਅਤੇ ਹੁਣ ਇਸ ਦੇ ਦੋ ਸਾਲ ਪੂਰੇ ਹੋ ਚੁੱਕੇ ਹਨ। ਇਸ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐਸਪੀ. ਸਿੰਘ ਓਬਰਾਏ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਲੈਬ ਦਾ ਮੁੱਖ ਉਦੇਸ਼ ਸਲੇਮ ਟਾਬਰੀ ਅਤੇ ਆਸ-ਪਾਸ ਦੇ ਸਲੱਮ ਖੇਤਰਾਂ ਵਿੱਚ ਰਹਿਣ ਵਾਲੇ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਲੋਕਾਂ ਨੂੰ ਵੱਖ-ਵੱਖ ਡਾਇਗਨੋਸਟਿਕ ਜਾਂਚ ਸਹੂਲਤਾਂ ਅਸਲ ਲਾਗਤ ਤੋਂ ਵੀ ਘੱਟ ਫੀਸ ’ਤੇ ਮੁਹੱਈਆ ਕਰਵਾਉਣਾ ਹੈ, ਤਾਂ ਜੋ ਆਰਥਿਕ ਮੁਸ਼ਕਲਾਂ ਕਾਰਨ ਕੋਈ ਵੀ ਵਿਅਕਤੀ ਜ਼ਰੂਰੀ ਸਿਹਤ ਜਾਂਚ ਤੋਂ ਵਾਂਝਾ ਨਾ ਰਹੇ। ਖੇਤੀ ਮੰਤਰੀ ਖੁੱਡੀਆਂ ਨੇ ਲੈਬ ਦਾ ਨਿਰੀਖਣ ਕਰਦਿਆਂ ਉਪਲਬਧ ਸਹੂਲਤਾਂ ਅਤੇ ਜਾਂਚ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੋੜਵੰਦ ਲੋਕਾਂ ਨੂੰ ਸਸਤੀ ਅਤੇ ਪਹੁੰਚਯੋਗ ਸਿਹਤ ਜਾਂਚ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਡਾ. ਡੀਐਨ. ਕੋਟਨਿਸ ਹਸਪਤਾਲ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸਮੇਂ ਸਿਰ ਸਿਹਤ ਜਾਂਚ ਬਿਮਾਰੀ ਦੀ ਪਛਾਣ ਤੇ ਉਚਿਤ ਡਾਕਟਰੀ ਸਲਾਹ ਲੈਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਤੱਕ ਅਜਿਹੀਆਂ ਸਹੂਲਤਾਂ ਪਹੁੰਚਾਉਣਾ ਲੋਕ ਹਿੱਤ ਵਿੱਚ ਮਹੱਤਵਪੂਰਨ ਹੈ। ਇਸ ਮੌਕੇ ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਲੋੜਵੰਦ ਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਤੱਕ ਸਿਹਤ ਅਤੇ ਹੋਰ ਜ਼ਰੂਰੀ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ ਤੇ ਸੰਨੀ ਓਬਰਾਏ ਡਾਇਗਨੋਸਟਿਕ ਲੈਬ ਵੀ ਇਸੇ ਲੋਕ ਸੇਵਾ ਦੀ ਭਾਵਨਾ ਤਹਿਤ ਅਸਲ ਲਾਗਤ ਤੋਂ ਵੀ ਘੱਟ ਫੀਸ ’ਤੇ ਵੱਖ-ਵੱਖ ਜਾਂਚ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਇਸ ਮੌਕੇ ਦਿਨੇਸ਼ ਰਾਠੌੜ, ਅਮਿੰਦਰ ਸਿੰਘ ਗਰੇਵਾਲ, ਗਗਨ ਭਾਟੀਆ, ਡਾ. ਰਘੁਬੀਰ ਸਿੰਘ, ਤਰਸੇਮ ਲਾਲ ਅਤੇ ਹਸਪਤਾਲ ਤੇ ਲੈਬ ਦਾ ਸਟਾਫ ਹਾਜ਼ਰ ਸੀ।