- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲੀ ਵਿਦਿਆਰਥੀਆਂ ਲਈ ਐਥਲੈਟਿਕ ਮੀਟ ਕਰਵਾਈ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰੂਰਲ ਐਗਰੀਕਲਚਰਲ ਵਰਕ ਐਕਸਪੀਰੀਅੰਸ (ਆਰਏਡਬਲਿਊਈ) ਪ੍ਰੋਗਰਾਮ ਨਾਲ ਜੁੜੇ ਵਿਦਿਆਰਥੀਆਂ ਵੱਲੋਂ ਪਿੰਡ ਅਕਾਲਗੜ੍ਹ ਵਿਖੇ ਸਕੂਲੀ ਵਿਦਿਆਰਥੀਆਂ ਲਈ ਐਥਲੈਟਿਕ ਮੀਟ ਕਰਵਾਈ ਗਈ। ਇਸ ਦਾ ਉਦੇਸ਼ ਬੱਚਿਆਂ ਵਿੱਚ ਸਰੀਰਕ ਤੰਦਰੁਸਤੀ, ਖੇਡ ਭਾਵਨਾ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨ-ਸ਼ੈਲੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਹ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਸਥਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਵਿਪਨ ਰਾਮਪਾਲ ਦੀ ਅਗਵਾਈ ਹੇਠ ਵਿਸਥਾਰ ਵਿਗਿਆਨੀ ਡਾ. ਕਮਲਪ੍ਰੀਤ ਕੌਰ ਦੀ ਦੇਖ-ਰੇਖ ਵਿੱਚ ਸਕੂਲ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਗਿਆ। ਆਰਏਡਬਲਿਊਈ ਵਿਦਿਆਰਥੀਆਂ ਨੇ ਸਕੂਲੀ ਬੱਚਿਆਂ ਲਈ ਵੱਖ-ਵੱਖ ਐਥਲੈਟਿਕ ਅਤੇ ਮਨੋਰੰਜਕ ਖੇਡ ਸਰਗਰਮੀਆਂ ਦੀ ਯੋਜਨਾ ਬਣਾਈ ਅਤੇ ਉਨ੍ਹਾਂ ਦਾ ਸੁਚੱਜਾ ਸੰਚਾਲਨ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕਾਂ ਨੇ ਕਿਹਾ ਕਿ ਨਿਯਮਿਤ ਤੌਰ ’ਤੇ ਖੇਡਾਂ ਵਿੱਚ ਭਾਗ ਲੈਣ ਨਾਲ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ ਭਾਵਨਾ, ਅਗਵਾਈ ਦੇ ਗੁਣ ਤੇ ਸਕਾਰਾਤਮਕ ਸੋਚ ਦਾ ਵਿਕਾਸ ਹੁੰਦਾ ਹੈ। ਆਰਏਡਬਲਿਊਈ ਪ੍ਰੋਗਰਾਮ ਦੇ ਵਿਦਿਆਰਥੀਆਂ ਪ੍ਰਭਦੀਪ ਸਿੰਘ, ਸਾਹਿਲ, ਯੁੱਧਵੀਰ, ਹਰਮਨਪ੍ਰੀਤ, ਹਰਮਨਜੀਤ, ਅੰਸ਼, ਰਵਨੀਤ, ਪ੍ਰਣਭ, ਜਸ਼ਨ, ਵਤਨ, ਸਾਧਿਕਿਆ, ਚਿਤਰਾ ਅਤੇ ਕਨਿਸ਼ਕ ਨੇ ਖੇਡ ਗਤੀਵਿਧੀਆਂ ਦੀ ਯੋਜਨਾ ਬਣਾਉਣ, ਖੇਡਾਂ ਦੇ ਪ੍ਰਬੰਧ ਅਤੇ ਬੱਚਿਆਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਸਕੂਲ ਅਧਿਆਪਕਾ ਮਿਸਿਜ਼ ਮੀਰਾ ਅਤੇ ਮਿਸਿਜ਼ ਜਸਵਿੰਦਰ ਕੌਰ ਨੇ ਆਰਏਡਬਲਿਊਈ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਸੰਦੀਪ ਕੌਰ ਅਤੇ ਪ੍ਰਿੰਸੀਪਲ ਨਿਸ਼ਾ ਸ਼ਰਮਾ ਨੇ ਵੀ ਸ਼ਿਰਕਤ ਕਰਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਡਾ. ਕਮਲਪ੍ਰੀਤ ਕੌਰ ਨੇ ਸਕੂਲ ਪ੍ਰਬੰਧਕਾਂ ਅਤੇ ਸਟਾਫ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।