ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਕਰਨ ਦਾ ਹੁਕਮ ਆਊਟਸੋਰਸਸ ਮੁਲਾਜ਼ਮਾਂ ਨੂੰ ਕੰਟਰੈਕਟ ‘ਤੇ ਕਰਨ ਦਾ ਦਿੱਤਾ ਹੁਕਮ
Publish Date: Tue, 29 Sep 2026 09:15 PM (IST)
Updated Date: Wed, 30 Sep 2026 04:12 AM (IST)
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ ਤੇ ਲੇਬਰ ਯੂਨੀਅਨ 23 ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗਗਨਦੀਪ ਸਿੰਘ ਸੁਨਾਮ ਅਤੇ ਗੁਰਬਿੰਦਰ ਸਿੰਘ ਲਹਿਰਾ ਦੀ ਅਗਵਾਈ ਹੇਠ ਇੱਕ ਵਫ਼ਦ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸੀਵਰੇਜ ਬੋਰਡ ਦੇ ਇੰਜੀਨੀਅਰ ਇਨ ਚੀਫ ਕਮ ਟੈਕਨੀਕਲ ਐਡਵਾਈਜਰ ਅਸ਼ਵਨੀ ਕੁਮਾਰ, ਇੰਜ, ਸਬਜੀਤ ਸਿੰਘ ਚੀਫ਼ ਇੰਜੀਨੀਅਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਆਗੂਆਂ ਨੇ ਵਿੱਤ ਮੰਤਰੀ ਤੋਂ ਮੰਗ ਕੀਤੀ ਕਿ ਪਿਛਲੀਆਂ ਮੀਟਿੰਗਾਂ ਦੌਰਾਨ ਜਿਵੇਂ ਕਿ ਨਗਰ ਕੌਂਸਲਾਂ, ਪਾਵਰ ਕਾਮ ਐਂਡ ਟਰਾਂਸਕੋ ਦੇ ਵਲੋ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ ਰਾਹੀਂ ਆਊਟਸੋਰਸ ਦੇ ਮੁਲਾਜ਼ਮਾਂ ਨੂੰ ਸਿੱਧਾ ਵਿਭਾਗ ਵਿੱਚ ਲਿਆ ਗਿਆ ਹੈ ਉਸ ਤਰਾਂ ਹੀ ਸੀਵਰੇਜ ਬੋਰਡ ਵੱਲੋਂ 2500 ਦੇ ਕਰੀਬ ਫੀਲਡ ਤੇ ਦਫਤਰੀ ਮੁਲਾਜ਼ਮਾਂ ਨੂੰ ਸਿੱਧਾ ਕੰਟਰੈਕਟ ’ਤੇ ਕੀਤਾ ਜਾਵੇ। ਇਸ ਮੌਕੇ ਵਿੱਤ ਮੰਤਰੀ ਚੀਮਾ ਨੇ ਵਫਦ ਨੂੰ ਭਰੋਸਾ ਦਿਵਾਉਂਦਿਆਂ ਹਾਜ਼ਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿੰਨੇ ਵੀ ਸਥਾਨਕ ਸਰਕਾਰਾਂ ਵਿਭਾਗ ਦੇ ਅੰਦਰ ਸੀਵਰੇਜ ਬੋਰਡ ਵਿੱਚ ਆਊਟ ਸੋਰਸ ਮੁਲਾਜ਼ਮ ਕੰਮ ਕਰ ਰਹੇ ਹਨ, ਨੂੰ ਵੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ’ਚ ਪਾਸ ਕਰਕੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨੂੰ ਕੰਟਰੈਕਟ ‘ਤੇ ਅਧੀਨ ਲਿਆਂਦਾ ਜਾਵੇ।ਇਸ ਮੌਕੇ ਪਾਵਰਕਾਮ ਐਂਡ ਟਰਾਂਸਕੋ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਯਾਦਵਿੰਦਰ ਸਿੰਘ ਯਾਦੀ ਅਤੇ ਪਰਦੀਪ ਸਿੰਘ ਭੀਖੀ ਆਦਿ ਆਗੂ ਹਾਜ਼ਰ ਸਨ।