250 ਤੋਂ ਵੱਧ ਸਫ਼ਾਈ ਮੁਲਾਜ਼ਮਾਂ ਦੀ ਕੀਤੀ ਜਾਂਚ ਸ਼ਹਿਰ ਨੂੰ ਸਾਫ਼ ਰੱਖਣ ਵਾਲਿਆਂ ਦੀ ਸਿਹਤ ਦਾ ਨਗਰ ਨਿਗਮ ਨੇ ਰੱਖਿਆ ਖ਼ਿਆਲ
Publish Date: Tue, 29 Sep 2026 09:06 PM (IST)
Updated Date: Wed, 30 Sep 2026 04:12 AM (IST)
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ ਕਰਮਚਾਰੀਆਂ ਦੀ ਭਲਾਈ ਲਈ ਨਗਰ ਨਿਗਮ ਲੁਧਿਆਣਾ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਮਿੱਢਾ ਚੌਕ ਨੇੜੇ ਸਥਿਤ ਛਾਤੀ ਰੋਗ ਕਲੀਨਿਕ ਵਿਖੇ ਸਫਾਈ ਕਰਮਚਾਰੀਆਂ ਲਈ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 250 ਤੋਂ ਵੱਧ ਸਫਾਈ ਮੁਲਾਜ਼ਮਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਮੈਡੀਕਲ ਜਾਂਚ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਰਵੀ ਖਹਿਰਾ ਵੱਲੋਂ ਮੁੱਖ ਫਾਰਮੇਸੀ ਅਫਸਰ ਵਿਜੈ ਕਪੂਰ ਅਤੇ ਹੋਰ ਸਟਾਫ ਦੀ ਸਹਾਇਤਾ ਨਾਲ ਕੀਤੀ ਗਈ। ਇਸ ਮੌਕੇ ਐੱਸ.ਬੀ.ਐੱਮ. ਸਟਾਫ, ਸੀਡੀਓ, ਸੀਐੱਫ ਤੇ ਛਾਤੀ ਰੋਗ ਕਲੀਨਿਕ ਦਾ ਸਟਾਫ ਵੀ ਮੌਜੂਦ ਰਿਹਾ। ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਇਨਾਤ ਸਫਾਈ ਕਰਮਚਾਰੀਆਂ, ਸਫਾਈ ਮਿੱਤਰਾਂ, ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਅਤੇ ਵੇਸਟ ਪਿਕਰਾਂ ਦੀ ਰੁਟੀਨ ਸਿਹਤ ਜਾਂਚ ਕੀਤੀ ਗਈ। ਜਾਂਚ ਦੌਰਾਨ ਸਿਹਤ ਸਬੰਧੀ ਸਮੱਸਿਆਵਾਂ ਵਾਲੇ ਕਰਮਚਾਰੀਆਂ ਨੂੰ ਡਾ. ਰਵੀ ਖਹਿਰਾ ਵੱਲੋਂ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਿਹਤ ਸਬੰਧੀ ਸਾਵਧਾਨੀਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲਕਦਮੀ ‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਉਦੇਸ਼ਾਂ ਅਨੁਸਾਰ ਸਫਾਈ ਨਾਲ ਜੁੜੇ ਕਰਮਚਾਰੀਆਂ ਦੀ ਸਿਹਤ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਵੱਛਤਾ ਪ੍ਰਤੀ ਲੋਕਾਂ ਦੀ ਭਾਗੀਦਾਰੀ ਵਧਾਉਣ ਵੱਲ ਇੱਕ ਕਦਮ ਹੈ।