- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਰ ’ਤੇ ਭਾਰੀ ਵਸਤੂ ਨਾਲ ਵਾਰ ਕਰ ਨੌਜਵਾਨ ’ਤੇ ਜਾਨਲੇਵਾ ਹਮਲਾ

-ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗਿਆ 21 ਸਾਲਾ ਅਨੀਕੇਤ, ਹਸਪਤਾਲ ’ਚ ਜ਼ੇਰੇ ਇਲਾਜ
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਅਰਵਿੰਦ ਕੰਪਲੈਕਸ, ਪਿੰਡ ਗੋਬਿੰਦਗੜ੍ਹ ਨੇੜੇ 21 ਸਾਲਾ ਨੌਜਵਾਨ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ’ਚ ਅਨੀਕੇਤ ਸਿੰਘ ਦੇ ਸਿਰ ’ਤੇ ਭਾਰੀ ਵਸਤੂ ਨਾਲ ਵਾਰ ਕੀਤੇ ਜਾਣ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਲਾਜ ਲਈ ਅੱਗੇ ਭੇਜਿਆ ਗਿਆ। ਪਰਿਵਾਰ ਮੁਤਾਬਕ ਅਨੀਕੇਤ ਨੂੰ ਇਸ ਵੇਲੇ ਹੋਸ਼ ਨਹੀਂ ਆ ਰਿਹਾ। ਹਮਲੇ ਤੋਂ ਬਾਅਦ ਮੁਲਜ਼ਮ ਰਾਹੁਲ ਯਾਦਵ ਮੌਕੇ ਤੋਂ ਫਰਾਰ ਹੋ ਗਿਆ।
-ਬਾਕਸ-
-ਵਿਆਹ ਨੂੰ ਹਾਲੇ ਕੁਝ ਸਮਾਂ ਹੀ ਹੋਇਆ, ਪਤਨੀ ਗਰਭਵਤੀ
ਅਨੀਕੇਤ ਦੇ ਪਿਤਾ ਰਾਮ ਬਾਲਕ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਨ੍ਹਾਂ ਦੇ ਫੋਨ ’ਤੇ ਕਾਲ ਆਈ। ਕਾਲ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਨੀਕੇਤ ਦੇ ਸਿਰ ’ਚ ਗੰਭੀਰ ਸੱਟ ਲੱਗੀ ਹੈ ਅਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਰਾਮ ਬਾਲਕ ਸਿੰਘ ਆਪਣੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਪੁੱਤਰ ਦੀ ਗੰਭੀਰ ਹਾਲਤ ਬਾਰੇ ਪਤਾ ਲੱਗਾ। ਪਰਿਵਾਰਕ ਮੈਂਬਰਾਂ ਮੁਤਾਬਕ ਅਨੀਕੇਤ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦੀ ਇੱਕ ਛੋਟੀ ਬੇਟੀ ਹੈ, ਜਦਕਿ ਉਸ ਦੀ ਪਤਨੀ ਦੂਸਰੀ ਵਾਰ ਗਰਭਵਤੀ ਹੈ।
-ਬਾਕਸ-
-ਫੈਕਟਰੀਆਂ ਦੀਆਂ ਮਸ਼ੀਨਾਂ ਠੀਕ ਕਰਕੇ ਪਰਿਵਾਰ ਚਲਾਉਂਦਾ ਹੈ ਅਨੀਕੇਤ
ਪਰਿਵਾਰ ਨੇ ਦੱਸਿਆ ਕਿ ਅਨੀਕੇਤ ਫੈਕਟਰੀਆਂ ਦੀਆਂ ਮਸ਼ੀਨਾਂ ਠੀਕ ਕਰਨ ਦਾ ਕੰਮ ਕਰਦਾ ਹੈ। ਪਰਿਵਾਰ ਮੁਤਾਬਕ ਉਹ ਆਪਣੇ ਕੰਮ ਤੋਂ ਬਾਅਦ ਪੈਸਿਆਂ ਦੇ ਲੈਣ-ਦੇਣ ਸਬੰਧੀ ਰਾਹੁਲ ਯਾਦਵ ਕੋਲ ਗਿਆ ਸੀ। ਇਸ ਦੌਰਾਨ ਅਰਵਿੰਦ ਕੰਪਲੈਕਸ, ਪਿੰਡ ਗੋਬਿੰਦਗੜ੍ਹ ਨੇੜੇ ਦੋਵਾਂ ਵਿਚਕਾਰ ਵਿਵਾਦ ਹੋ ਗਿਆ। ਦੋਸ਼ ਹੈ ਕਿ ਰਾਹੁਲ ਯਾਦਵ ਨੇ ਅਨੀਕੇਤ ਦੇ ਸਿਰ ’ਤੇ ਭਾਰੀ ਵਸਤੂ ਨਾਲ ਵਾਰ ਕਰ ਦਿੱਤੇ। ਵਾਰ ਇੰਨੇ ਗੰਭੀਰ ਸਨ ਕਿ ਅਨੀਕੇਤ ਖੂਨ ਨਾਲ ਲਥਪਥ ਹੋ ਕੇ ਮੌਕੇ ’ਤੇ ਹੀ ਡਿੱਗ ਪਿਆ। ਪਿਤਾ ਮੁਤਾਬਕ ਅਨੀਕੇਤ ਦੀ ਹਾਲਤ ਬੇਹੱਦ ਗੰਭੀਰ ਹੈ ਅਤੇ ਉਹ ਆਪਣੀ ਕੋਈ ਗੱਲ ਦੱਸਣ ਦੀ ਸਥਿਤੀ ’ਚ ਨਹੀਂ ਹੈ। ਨੌਜਵਾਨ ਦੀ ਮੌਜੂਦਾ ਹਾਲਤ ਨੇ ਪਰਿਵਾਰ ਨੂੰ ਚਿੰਤਾ ’ਚ ਪਾ ਦਿੱਤਾ ਹੈ।
-ਮੁਲਜ਼ਮ ਦੀ ਭਾਲ ’ਚ ਜੁਟੀ ਪੁਲਿਸ
ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਰਾਮ ਬਾਲਕ ਸਿੰਘ ਦੀ ਸ਼ਿਕਾਇਤ ’ਤੇ ਰਾਹੁਲ ਯਾਦਵ ਵਾਸੀ ਪਿੰਡ ਗੋਬਿੰਦਗੜ੍ਹ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕੀਤਾ ਹੈ। ਤਫਤੀਸ਼ੀ ਅਫਸਰ ਏਐੱਸਆਈ ਕਪਿਲ ਕੁਮਾਰ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਮੁਲਜ਼ਮ ਰਾਹੁਲ ਯਾਦਵ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਹਮਲੇ ਦੇ ਕਾਰਨਾਂ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।