- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਬਨਿਟ ਮੰਤਰੀ ਸੌਂਦ ਵੱਲੋਂ ਸੀਆਈਸੀਯੂ ਵਿਖੇ ਡਾ. ਥਿੰਦ ਦੀ ਕਿਤਾਬ ‘ਬਿਫੋਰ ਦਿ ਟੂਥਏਕ’ ਲੈਕ ਅਰਪਣ

-ਪੁਸਤਕ ਰਾਹੀਂ ਲੋਕਾਂ ਨੂੰ ਮੂੰਹ ਤੇ ਦੰਦਾਂ ਦੀ ਸੰਭਾਲ ਬਾਰੇ ਕੀਤਾ ਪ੍ਰੇਰਿਤ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਇੱਥੋਂ ਦੇ ਪ੍ਰਸਿੱਧ ਦੰਦਾਂ ਦੇ ਡਾਕਟਰ ਅਤੇ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਦੇ ਮੈਂਬਰ ਡਾ. ਰਾਜਨ ਬੀਰ ਸਿੰਘ ਥਿੰਦ ਦੀ ਕਿਤਾਬ ‘ਬਿਫੋਰ ਦਿ ਟੂਥਏਕ’ ਲੁਧਿਆਣਾ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਰਿਲੀਜ਼ ਕੀਤੀ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਤਾਬ ਰਿਲੀਜ਼ ਕੀਤੀ। ਸਮਾਗਮ ਵਿੱਚ ਉਦਯੋਗ, ਡਾਕਟਰੀ, ਸਮਾਜਿਕ ਅਤੇ ਪੇਸ਼ੇਵਰ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਡਾ. ਥਿੰਦ ਨੇ ਦੱਸਿਆ ਕਿ ‘ਬਿਫੋਰ ਦਿ ਟੂਥਏਕ’ ਲਿਖਣ ਦਾ ਮੁੱਖ ਉਦੇਸ਼ ਲੋਕਾਂ ਨੂੰ ਦੰਦਾਂ ਦੀ ਸਿਹਤ ਪ੍ਰਤੀ ਉਸ ਸਮੇਂ ਜਾਗਰੂਕ ਕਰਨਾ ਹੈ, ਜਦੋਂ ਸਮੱਸਿਆ ਦਰਦਨਾਕ ਜਾਂ ਗੰਭੀਰ ਰੂਪ ਧਾਰਨ ਨਾ ਕਰ ਚੁੱਕੀ ਹੋਵੇ। ਇਸ ਪੁਸਤਕ ਰਾਹੀਂ ਲੋਕਾਂ ਨੂੰ ਮੂੰਹ ਤੇ ਦੰਦਾਂ ਦੀ ਸਿਹਤ ਸੰਭਾਲ ਸਬੰਧੀ ਮੁੱਢਲੀਆਂ ਜਾਣਕਾਰੀਆਂ ਅਤੇ ਰੋਕਥਾਮ ਵਾਲੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਲੋਕ ਦੰਦਾਂ ਦੀ ਸਮੱਸਿਆ ਹੋਣ ਤੋਂ ਬਾਅਦ ਹੀ ਡਾਕਟਰ ਕੋਲ ਜਾਂਦੇ ਹਨ, ਜਦਕਿ ਨਿਯਮਤ ਦੇਖਭਾਲ ਅਤੇ ਸਮੇਂ ਸਿਰ ਜਾਂਚ ਰਾਹੀਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਡਾ. ਥਿੰਦ ਨੂੰ ਕਿਤਾਬ ਦੇ ਪ੍ਰਕਾਸ਼ਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਪੇਸ਼ੇਵਰ ਲੋਕ ਜਦੋਂ ਆਪਣੇ ਤਜਰਬੇ ਅਤੇ ਗਿਆਨ ਨੂੰ ਕਿਤਾਬਾਂ ਰਾਹੀਂ ਸਮਾਜ ਤੱਕ ਪਹੁੰਚਾਉਂਦੇ ਹਨ, ਤਾਂ ਇਸ ਦਾ ਵਿਆਪਕ ਲਾਭ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦੰਦਾਂ ਦੀ ਸਿਹਤ ਰੋਜ਼ਾਨਾ ਜੀਵਨ ਨਾਲ ਸਿੱਧੇ ਤੌਰ ’ਤੇ ਜੁੜਿਆ ਵਿਸ਼ਾ ਹੈ ਅਤੇ ਇਸ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਮਹੱਤਵਪੂਰਨ ਹੈ।ਜਨਰਲ ਸਕੱਤਰ ਹਨੀ ਸੇਠੀ ਨੇ ਵੀ ਡਾ. ਥਿੰਦ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਤਾਬ ਰਾਹੀਂ ਰੋਕਥਾਮ ਵਾਲੀ ਸਿਹਤ ਸੰਭਾਲ ਤੇ ਲੋਕ ਜਾਗਰੂਕਤਾ ਦੀ ਮਹੱਤਤਾ ਨੂੰ ਉਭਾਰਿਆ ਗਿਆ ਹੈ। ਸੀਆਈਸੀਯੂ ਨਾਲ ਵੱਖ-ਵੱਖ ਖੇਤਰਾਂ ਦੇ ਪੇਸ਼ੇਵਰ ਜੁੜੇ ਹੋਏ ਹਨ, ਜੋ ਆਪਣੇ ਗਿਆਨ ਅਤੇ ਤਜਰਬੇ ਰਾਹੀਂ ਸਮਾਜ ਲਈ ਯੋਗਦਾਨ ਪਾ ਰਹੇ ਹਨ। ਡਾ. ਥਿੰਦ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੁਧਿਆਣਾ ਵਿੱਚ ਦੰਦਾਂ ਦੀ ਡਾਕਟਰੀ ਸੇਵਾ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਦੰਦਾਂ ਦੀਆਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੇ ਨਾਲ-ਨਾਲ ਓਰਲ ਹੈਲਥ ਜਾਗਰੂਕਤਾ ’ਤੇ ਵੀ ਕੰਮ ਕੀਤਾ ਹੈ।
ਉਨ੍ਹਾਂ ਦੀ ਕਿਤਾਬ ਦਾ ਕੇਂਦਰੀ ਸੰਦੇਸ਼ ਇਹ ਹੈ ਕਿ ਦੰਦਾਂ ਦੀ ਸਿਹਤ ਨੂੰ ਸਿਰਫ਼ ਦਰਦ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਨਾ ਦੇਖਿਆ ਜਾਵੇ, ਸਗੋਂ ਰੋਜ਼ਾਨਾ ਦੀ ਸਿਹਤ ਸੰਭਾਲ ਦਾ ਹਿੱਸਾ ਬਣਾਇਆ ਜਾਵੇ। ਪੰਜਾਬ ਲਾਰਜ ਸਕੇਲ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਦੀ ਵਾਈਸ ਚੇਅਰਪਰਸਨ ਸਿਮੀ ਚੋਪੜਾ ਪਾਸ਼ਨ, ਗੌਤਮ ਮਲਹੋਤਰਾ, ਅਜੈ ਭਾਰਤੀ, ਸੰਜੇ ਧੀਮਾਨ, ਫਿੱਕੀ ਫਲੋ ਦੀ ਪ੍ਰਧਾਨ ਐਸ਼ਨੀ ਸੇਠੀ ਅਤੇ ਸੀਆਈਸੀਯੂ-ਵੂਮੈਨ ਐਂਟਰਪ੍ਰਿਨਿਓਰਜ਼ ਫੋਰਮ ਦੀ ਕਨਵੀਨਰ ਰਜਨੀ ਸੇਠੀ ਸਮੇਤ ਉਦਯੋਗਪਤੀਆਂ, ਪੇਸ਼ੇਵਰਾਂ, ਸਮਾਜਿਕ ਆਗੂਆਂ, ਪਰਿਵਾਰਕ ਮੈਂਬਰਾਂ ਅਤੇ ਡਾ. ਥਿੰਦ ਦੇ ਸ਼ੁਭਚਿੰਤਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਆਧੁਨਿਕ ਜੀਵਨ-ਸ਼ੈਲੀ ’ਚ ਰੋਕਥਾਮ ਵਾਲੀ ਸਿਹਤ ਸੰਭਾਲ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਦੇਣਾ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਉਨ੍ਹਾਂ ਡਾ. ਥਿੰਦ ਵੱਲੋਂ ਆਪਣੇ ਲੰਮੇ ਪੇਸ਼ੇਵਰ ਤਜਰਬੇ ਨੂੰ ਕਿਤਾਬ ਦੇ ਰੂਪ ’ਚ ਲੋਕਾਂ ਤੱਕ ਪਹੁੰਚਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਥਿੰਦ ਨੂੰ ‘ਬਿਫੋਰ ਦਿ ਟੂਥਏਕ’ ਦੇ ਪ੍ਰਕਾਸ਼ਨ ਲਈ ਵਧਾਈ ਦਿੱਤੀ ਗਈ ਤੇ ਉਨ੍ਹਾਂ ਦੇ ਪੇਸ਼ੇਵਰ, ਸਾਹਿਤਕ ਤੇ ਸਮਾਜਿਕ ਉਪਰਾਲਿਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।