ਵਿੱਤ ਤੇ ਠੇਕਾ ਕਮੇਟੀ ਦੀ ਕਾਰਵਾਈ ’ਚ ਇਤਰਾਜ਼ ਦਰਜ ਨਾ ਕਰਨ ’ਤੇ ਗੌਰਵ ਭੱਟੀ ਦੀ ਸ਼ਿਕਾਇਤ ਵਿੱਤ ਤੇ ਠੇਕਾ ਕਮੇਟੀ ਦੀ ਕਾਰਵਾਈ ’ਚ ਇਤਰਾਜ ਦਰਜ ਨਾ ਕਰਨ ’ਤੇ ਗੌਰਵ ਭੱਟੀ ਦੀ ਸ਼ਿਕਾਇਤ
Publish Date: Tue, 29 Sep 2026 07:21 PM (IST)
Updated Date: Wed, 30 Sep 2026 04:07 AM (IST)
-5, 14 ਤੇ 21 ਸਤੰਬਰ ਦੀਆਂ ਮੀਟਿੰਗਾਂ ਦੀ ਕਾਰਵਾਈ ਦੀ ਜਾਂਚ ਦੀ ਮੰਗ ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ ਨਗਰ ਨਿਗਮ ਲੁਧਿਆਣਾ ਦੀ ਵਿੱਤ ਤੇ ਠੇਕਾ ਕਮੇਟੀ ਦੀਆਂ ਮੀਟਿੰਗਾਂ ਦੀ ਕਾਰਵਾਈ ਨੂੰ ਲੈ ਕੇ ਕੌਂਸਲਰ ਅਤੇ ਕਮੇਟੀ ਮੈਂਬਰ ਗੌਰਵ ਭੱਟੀ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਸਥਾਨਕ ਸਰਕਾਰ ਵਿਭਾਗ, ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਨੂੰ ਲਿਖਤੀ ਈਮੇਲ ਰਾਹੀਂ ਸ਼ਿਕਾਇਤ ਭੇਜਦਿਆਂ ਦੋਸ਼ ਲਾਇਆ ਹੈ ਕਿ ਕਮੇਟੀ ਦੀਆਂ ਮੀਟਿੰਗਾਂ ਦੌਰਾਨ ਉਨ੍ਹਾਂ ਵੱਲੋਂ ਚੁੱਕੇ ਜਾਂਦੇ ਵਿੱਤੀ ਅਤੇ ਪ੍ਰਸ਼ਾਸਨਿਕ ਇਤਰਾਜਾਂ ਨੂੰ ਕਾਰਵਾਈ ਪੁਸਤਕ ’ਚ ਦਰਜ ਨਹੀਂ ਕੀਤਾ ਜਾ ਰਿਹਾ। ਗੌਰਵ ਭੱਟੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਵਿੱਤ ਤੇ ਠੇਕਾ ਕਮੇਟੀ ਦੀਆਂ ਮੀਟਿੰਗਾਂ ਵਿੱਚ ਨਿਗਮ ਦੇ ਵਿੱਤੀ ਹਿੱਤਾਂ, ਵਿਕਾਸ ਕਾਰਜਾਂ, ਟੈਂਡਰਾਂ, ਅੰਦਾਜ਼ਿਆਂ ਅਤੇ ਹੋਰ ਵਿੱਤੀ ਮਾਮਲਿਆਂ ਸਬੰਧੀ ਜਦੋਂ ਉਹ ਇਤਰਾਜ਼ ਜਾਂ ਸੁਝਾਅ ਦਿੰਦੇ ਹਨ ਤਾਂ ਉਨ੍ਹਾਂ ਨੂੰ ਮੌਖਿਕ ਤੌਰ ’ਤੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਇਤਰਾਜ ਮੇਅਰ ਨੂੰ ਦੇਣ ਅਤੇ ਮੇਅਰ ਵੱਲੋਂ ਕਹੇ ਅਨੁਸਾਰ ਹੀ ਕਾਰਵਾਈ ਵਿੱਚ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿੱਤ ਤੇ ਠੇਕਾ ਕਮੇਟੀ ਦੇ ਹਰ ਮੈਂਬਰ ਦੀ ਇੱਕ ਵੋਟ ਹੁੰਦੀ ਹੈ ਅਤੇ ਹਰੇਕ ਮੈਂਬਰ ਨੂੰ ਮਤਿਆਂ ’ਤੇ ਆਪਣੀ ਰਾਇ ਰੱਖਣ ਦਾ ਅਧਿਕਾਰ ਹੈ। ਉਨ੍ਹਾਂ ਅਨੁਸਾਰ ਮੀਟਿੰਗ ਦੌਰਾਨ ਮੈਂਬਰ ਵੱਲੋਂ ਉਠਾਏ ਗਏ ਮਹੱਤਵਪੂਰਨ ਇਤਰਾਜ, ਸੁਝਾਅ ਜਾਂ ਵਿੱਤੀ ਚਿੰਤਾ ਨੂੰ ਅਧਿਕਾਰਤ ਰਿਕਾਰਡ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਇਸ ਸ਼ਿਕਾਇਤ ਦੀਆਂ ਕਾਪੀਆਂ ਨਿਗਮ ਕਮਿਸ਼ਨਰ, ਲੁਧਿਆਣਾ ਤੇ ਮੀਟਿੰਗ ਦੀ ਕਾਰਵਾਈ ਤਿਆਰ ਕਰਨ ਵਾਲੇ ਸਕੱਤਰ, ਨਿਗਮ ਲੁਧਿਆਣਾ ਨੂੰ ਵੀ ਭੇਜੀਆਂ ਹਨ। -ਬਾਕਸ- -‘ਪ੍ਰਵਾਨ ਹੈ’ ਲਿਖਣ ਨਾਲ ਚਰਚਾ ਦਾ ਪਤਾ ਨਹੀਂ ਲੱਗਦਾ ਭੱਟੀ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀਆਂ ਕੁੱਝ ਮੀਟਿੰਗ ਕਾਰਵਾਈ ਦੀਆਂ ਕਾਪੀਆਂ ਵਿੱਚ ਕਈ ਮਤਿਆਂ ਦੇ ਸਾਹਮਣੇ ਸਿਰਫ਼ ‘ਪ੍ਰਵਾਨ ਹੈ’ ਲਿਖਿਆ ਹੋਇਆ ਹੈ ਅਤੇ ਹੇਠਾਂ ਮੇਅਰ ਦੇ ਦਸਤਖ਼ਤ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਤਰ੍ਹਾਂ ਦੀ ਕਾਰਵਾਈ ਵਿੱਚ ਇਹ ਸਪਸ਼ਟ ਨਹੀਂ ਹੁੰਦਾ ਕਿ ਮੀਟਿੰਗ ਵਿੱਚ ਮਤੇ ’ਤੇ ਕੀ ਚਰਚਾ ਹੋਈ, ਕਿਸ ਮੈਂਬਰ ਨੇ ਸਹਿਮਤੀ ਜਾਂ ਅਸਹਿਮਤੀ ਪ੍ਰਗਟ ਕੀਤੀ, ਕਿਸੇ ਮੈਂਬਰ ਵੱਲੋਂ ਕੋਈ ਇਤਰਾਜ ਜਾਂ ਸੁਝਾਅ ਦਿੱਤਾ ਗਿਆ ਜਾਂ ਨਹੀਂ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕੀ ਸਪਸ਼ਟੀਕਰਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖ਼ਾਸ ਤੌਰ ’ਤੇ ਜਦੋਂ ਕਿਸੇ ਮਤੇ ਨਾਲ ਨਗਰ ਨਿਗਮ ਦੇ ਵਿੱਤੀ ਹਿੱਤ ਜੁੜੇ ਹੋਣ ਤਾਂ ਮੀਟਿੰਗ ਦੀ ਅਸਲ ਕਾਰਵਾਈ ਦਾ ਸਹੀ ਅਤੇ ਪੂਰਾ ਰਿਕਾਰਡ ਹੋਣਾ ਜ਼ਰੂਰੀ ਹੈ। -ਬਾਕਸ- -‘ਵਿੱਤੀ ਨੁਕਸਾਨ ਹੋਇਆ ਤਾਂ ਜਵਾਬਦੇਹੀ ਤੈਅ ਹੋਵੇ’ ਕੌਂਸਲਰ ਭੱਟੀ ਨੇ ਕਿਹਾ ਕਿ ਜੇਕਰ ਕਮੇਟੀ ਦੀ ਮੀਟਿੰਗ ਵਿੱਚ ਕਿਸੇ ਟੈਂਡਰ, ਅੰਦਾਜ਼ੇ, ਭੁਗਤਾਨ ਜਾਂ ਹੋਰ ਵਿੱਤੀ ਮਾਮਲੇ ’ਤੇ ਮੈਂਬਰ ਵੱਲੋਂ ਨਗਰ ਨਿਗਮ ਨੂੰ ਸੰਭਾਵਿਤ ਵਿੱਤੀ ਨੁਕਸਾਨ ਬਾਰੇ ਇਤਰਾਜ ਦਰਜ ਕਰਵਾਇਆ ਜਾਂਦਾ ਹੈ, ਪਰ ਉਹ ਇਤਰਾਜ ਮੀਟਿੰਗ ਕਾਰਵਾਈ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਅਤੇ ਬਾਅਦ ਵਿੱਚ ਉਸੇ ਫੈਸਲੇ ਕਾਰਨ ਨਿਗਮ ਨੂੰ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੀ ਕਾਰਵਾਈ ਭਵਿੱਖ ਵਿੱਚ ਲੇਖਾ-ਜਾਂਚ, ਚੌਕਸੀ ਵਿਭਾਗ, ਸਰਕਾਰੀ ਵਿਭਾਗ ਜਾਂ ਕਿਸੇ ਹੋਰ ਸਮਰੱਥ ਅਥਾਰਟੀ ਵੱਲੋਂ ਕੀਤੀ ਜਾਣ ਵਾਲੀ ਜਾਂਚ ਵਿੱਚ ਮਹੱਤਵਪੂਰਨ ਦਸਤਾਵੇਜ਼ ਹੁੰਦੀ ਹੈ। ਇਸ ਲਈ ਮੈਂਬਰਾਂ ਵੱਲੋਂ ਉਠਾਏ ਗਏ ਮਹੱਤਵਪੂਰਨ ਇਤਰਾਜ਼ਾਂ ਨੂੰ ਰਿਕਾਰਡ ਵਿੱਚ ਨਾ ਲਿਆਉਣਾ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕੌਂਸਲਰ ਗੌਰਵ ਭੱਟੀ ਨੇ 5 ਸਤੰਬਰ, 14 ਸਤੰਬਰ ਅਤੇ 21 ਸਤੰਬਰ 2026 ਨੂੰ ਹੋਈਆਂ ਵਿੱਤ ਤੇ ਠੇਕਾ ਕਮੇਟੀ ਦੀਆਂ ਮੀਟਿੰਗਾਂ ਦੀ ਕਾਰਵਾਈ ਦੀ ਵਿਭਾਗੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਨ੍ਹਾਂ ਮੀਟਿੰਗਾਂ ਵਿੱਚ ਕੁਝ ਮਤਿਆਂ ’ਤੇ ਉਨ੍ਹਾਂ ਵੱਲੋਂ ਇਤਰਾਜ ਅਤੇ ਸੁਝਾਅ ਦਿੱਤੇ ਗਏ ਸਨ, ਪਰ ਉਨ੍ਹਾਂ ਨੂੰ ਮੀਟਿੰਗ ਦੀ ਕਾਰਵਾਈ ਵਿੱਚ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜਿਨ੍ਹਾਂ ਮਤਿਆਂ ’ਤੇ ਉਨ੍ਹਾਂ ਵੱਲੋਂ ਇਤਰਾਜ ਜਾਂ ਸੁਝਾਅ ਦਿੱਤੇ ਗਏ ਹਨ, ਉਨ੍ਹਾਂ ਦੀ ਅੰਤਿਮ ਪ੍ਰਵਾਨਗੀ ਜਾਂ ਪੁਸ਼ਟੀ ਤੋਂ ਪਹਿਲਾਂ ਇਨ੍ਹਾਂ ਇਤਰਾਜ਼ਾਂ ਨੂੰ ਅਧਿਕਾਰਤ ਕਾਰਵਾਈ ਵਿੱਚ ਦਰਜ ਕਰਕੇ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। -ਬਾਕਸ- -ਸਪੱਸ਼ਟ ਤੇ ਪਾਰਦਰਸ਼ੀ ਕਾਰਵਾਈ ਫਾਰਮੈਟ ਲਾਗੂ ਕਰਨ ਦੀ ਮੰਗ ਭੱਟੀ ਨੇ ਪ੍ਰਿੰਸੀਪਲ ਸੈਕਟਰੀ ਤੋਂ ਮੰਗ ਕੀਤੀ ਕਿ ਵਿੱਤ ਤੇ ਠੇਕਾ ਕਮੇਟੀ ਦੀਆਂ ਮੀਟਿੰਗਾਂ ਦੀ ਕਾਰਵਾਈ ਨਿਰਧਾਰਤ ਨਿਯਮਾਂ ਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਿਆਰ ਕਰਨ ਲਈ ਨਿਗਮ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਜਾਣ। ਭਵਿੱਖ ਦੀਆਂ ਸਾਰੀਆਂ ਮੀਟਿੰਗਾਂ ਲਈ ਅਜਿਹਾ ਪਾਰਦਰਸ਼ੀ ਕਾਰਵਾਈ ਫਾਰਮੈਟ ਲਾਗੂ ਕੀਤਾ ਜਾਵੇ, ਜਿਸ ਵਿੱਚ ਮਹੱਤਵਪੂਰਨ ਚਰਚਾ, ਮੈਂਬਰਾਂ ਦੇ ਇਤਰਾਜ ਤੇ ਸੁਝਾਅ ਤੇ ਫੈਸਲਾ ਲੈਣ ਦੀ ਪ੍ਰਕਿਰਿਆ ਦਾ ਉਚਿਤ ਰਿਕਾਰਡ ਦਰਜ ਹੋਵੇ। ਮੀਟਿੰਗ ਕਾਰਵਾਈ ਤਿਆਰ ਕਰਨ ਵਾਲੇ ਸਕੱਤਰ ਜਾਂ ਸਬੰਧਤ ਕਰਮਚਾਰੀ ਵੱਲੋਂ ਕਿਸੇ ਵੀ ਮੈਂਬਰ ਦੇ ਮਹੱਤਵਪੂਰਨ ਵਿੱਤੀ ਜਾਂ ਕਾਨੂੰਨੀ ਇਤਰਾਜ ਨੂੰ ਸਿਰਫ਼ ਕਿਸੇ ਮੌਖਿਕ ਹਦਾਇਤ ਦੇ ਆਧਾਰ ’ਤੇ ਰਿਕਾਰਡ ਤੋਂ ਬਾਹਰ ਨਾ ਰੱਖਿਆ ਜਾਵੇ। ਭੱਟੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਨਗਰ ਨਿਗਮ ਦੇ ਵਿੱਤੀ ਹਿੱਤਾਂ ਦੀ ਰੱਖਿਆ, ਪਾਰਦਰਸ਼ਤਾ, ਸਹੀ ਰਿਕਾਰਡ ਸੰਭਾਲ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਵਿਭਾਗ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਲੁੜੀਂਦੀਆਂ ਹਦਾਇਤਾਂ ਜਾਰੀ ਕਰਨ ਤੇ ਕੀਤੀ ਕਾਰਵਾਈ ਬਾਰੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਨ ਦੀ ਮੰਗ ਕੀਤੀ ਹੈ।