- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਲੁਧਿਆਣਾ ਪੁੱਜਣ ’ਤੇ ਭਾਜਪਾ ਵਰਕਰਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਜ਼ੋਰਦਾਰ ਸਵਾਗਤ

-ਕਿਹਾ, ਬਾਰਡਰ ’ਤੇ ਬੀਐੱਸਐੱਫ ਤਸਕਰਾਂ ਨੂੰ ਫੜਦੀ ਹੈ ਪਰ ਸਰਕਾਰ ਉਨ੍ਹਾਂ ਨੂੰ ਛੱਡ ਰਹੀ
-‘ਨਸ਼ਾਮੁਕਤ ਪੰਜਾਬ ਯਾਤਰਾ’ ਦਾ ਸ਼ਹਿਰ ਪੁੱਜਣ ’ਤੇ ਭਾਜਪਾ ਵਰਕਰਾਂ ਵੱਲੋਂ ਸਵਾਗਤ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ’ਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਨੇ ਲੁਧਿਆਣਾ ’ਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਰਾਹੀਂ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਮੰਗਲਵਾਰ ਨੂੰ ਯਾਤਰਾ ਲੁਧਿਆਣਾ ਪਹੁੰਚਦੇ ਹੀ ਭਾਜਪਾ ਵਰਕਰਾਂ ਨੇ ਵੱਖ-ਵੱਖ ਥਾਵਾਂ ’ਤੇ ਜ਼ੋਰਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਈਸਾ ਨਗਰ ਪੁਲੀ ਚੌਕ ਵਿੱਚ ਰੈਲੀ ਕੀਤੀ ਗਈ। ਰੈਲੀ ਨੂੰ ਦਿੱਲੀ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਅਤੇ ਭੋਜਪੁਰੀ ਅਦਾਕਾਰ-ਗਾਇਕ ਮਨੋਜ ਤਿਵਾੜੀ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਵਿੱਚ ਨਸ਼ਾ ਖ਼ਤਮ ਕੀਤਾ ਜਾ ਸਕਦਾ ਹੈ ਪਰ ਜੋ ਸਰਕਾਰ ਖੁਦ ਨਸ਼ੇ ਵਿੱਚ ਆ ਜਾਵੇ, ਉਹ ਇਸ ਨੂੰ ਕੀ ਖ਼ਤਮ ਕਰੇਗੀ। ਤਿਵਾੜੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ। ਦਿੱਲੀ ਵਾਸੀਆਂ ਨਾਲ ਵੀ 10 ਸਾਲਾਂ ਵਿੱਚ ‘ਆਪ’ ਵਾਲਿਆਂ ਨੇ ਕਈ ਝੂਠੇ ਵਾਅਦੇ ਕੀਤੇ ਸਨ ਅਤੇ ਦਿੱਲੀ ਨੂੰ 20 ਸਾਲ ਪਿੱਛੇ ਕਰ ਦਿੱਤਾ ਸੀ।
ਹੁਣ ਇਹ ਪੰਜਾਬ ਵਿੱਚ ਵੀ ਇਹੀ ਕਰ ਰਹੇ ਹਨ। ਇਨ੍ਹਾਂ ਨੇ ਤਿੰਨ-ਤਿੰਨ ਵਾਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਝੂਠਾ ਵਾਅਦਾ ਕੀਤਾ ਜਦਕਿ ਇਨ੍ਹਾਂ ਦੇ ਆਪਣੇ ਵਰਕਰ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਾਰਡਰ ’ਤੇ ਬੀਐੱਸਐੱਫ ਜਿਨ੍ਹਾਂ ਤਸਕਰਾਂ ਨੂੰ ਫੜ ਕੇ ਪੰਜਾਬ ਪੁਲਿਸ ਦੇ ਹਵਾਲੇ ਕਰਦੀ ਹੈ, ਉਨ੍ਹਾਂ ਨੂੰ ਇੱਥੋਂ ਦੀ ਸੂਬਾ ਸਰਕਾਰ ਦੇ ਕਹਿਣ ’ਤੇ ਅਗਲੇ ਦਿਨ ਹੀ ਰਿਹਾਅ ਕਰ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਹੁਣ ਬਦਲਾਅ ਦੀ ਲੋੜ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗਰਗ, ਜਨੀਸ਼ ਧੀਮਾਨ, ਪੰਜਾਬ ਭਾਜਪਾ ਦੇ ਸਾਬਕਾ ਜਨਰਲ ਸਕੱਤਰ ਪ੍ਰਵੀਨ ਬਾਂਸਲ, ਪੰਜਾਬ ਭਾਜਪਾ ਕੋਰ ਕਮੇਟੀ ਦੇ ਮੈਂਬਰ ਜੀਵਨ ਗੁਪਤਾ, ਪੰਜਾਬ ਭਾਜਪਾ ਦੇ ਕੈਸ਼ੀਅਰ ਗੁਰਦੇਵ ਸ਼ਰਮਾ ਦੇਬੀ, ਪੰਜਾਬ ਭਾਜਪਾ ਦੇ ਸੀਨੀਅਰ ਆਗੂ ਐੱਸਐੱਸ. ਚੰਨੀ ਤੋਂ ਇਲਾਵਾ ਰੰਜਨ ਕਾਮਰਾ, ਅਮਰਜੀਤ ਸਿੰਘ, ਰਾਜਿੰਦਰ ਗੁਪਤਾ, ਰਾਕੇਸ਼ ਰਾਠੌਰ, ਅਜੈ, ਸਾਬਕਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਸ਼ ਸ਼ਰਮਾ, ਸ਼ੀਨੂ ਚੁੱਘ, ਕੈਲਾਸ਼ ਚੌਧਰੀ, ਉਪ ਪ੍ਰਧਾਨ ਸੁਮਿਤ ਟੰਡਨ, ਸਰਦਾਰ ਸਰਬਜੀਤ ਸਿੰਘ ਕਾਕਾ, ਸੰਜੇ ਗੋਸਾਈ, ਮਹੇਸ਼ ਸ਼ਰਮਾ, ਗੁਰਦੀਪ ਸਿੰਘ ਨੀਟੂ, ਗੁਰਦੀਪ ਸਿੰਘ ਗੋਸ਼ਾ, ਨਰਿੰਦਰ ਸਿੰਘ ਮੱਲੀ, ਸਤਨਾਮ ਸਿੰਘ ਸੇਠੀ, ਦਵਿੰਦਰ ਜੱਗੀ, ਵਿੱਕੀ ਸਹੋਤਾ, ਅਜੈ ਗੌੜ, ਕੈਸ਼ੀਅਰ ਬੌਬੀ ਜਿੰਦਲ, ਪ੍ਰੈਸ ਸਕੱਤਰ ਡਾ. ਸਤੀਸ਼ ਕੁਮਾਰ, ਅਮਿਤ ਨਾਗੀ, ਜ਼ਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਲੀਨਾ ਟਪਾਰੀਆ, ਅਸ਼ਵਨੀ ਟੰਡਨ, ਲਲਿਤ ਚੌਹਾਨ, ਕਸ਼ਿਸ਼ ਰਾਤਰਾ, ਡਾਕਟਰ ਡੀ.ਪੀ. ਖੋਸਲਾ, ਮਹਿਲਾ ਮੋਰਚਾ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਰਾਸ਼ੀ ਅਗਰਵਾਲ, ਰਾਜੇਸ਼ਵਰੀ ਗੋਸਾਈ, ਸਾਬਕਾ ਕੌਂਸਲਰ ਯਸ਼ਪਾਲ ਚੌਧਰੀ, ਯੁਵਾ ਮੋਰਚਾ ਪ੍ਰਧਾਨ ਅਜਿੰਦਰ ਸਿੰਘ, ਅਜੈ ਪਾਲ ਦਿਸਾਵਰ, ਵਿਜੈ ਖਟਕ, ਪਿੰਕੂ ਸ਼ਰਮਾ, ਸੀਮਾ ਸ਼ਰਮਾ, ਦੀਪਕ ਜੋਹਰ, ਰਾਜੀਵ ਸ਼ਰਮਾ, ਅਮਿਤ ਮਿੱਤਲ, ਗੌਰਵ ਅਰੋੜਾ, ਸਾਬਿਰ ਹੁਸੈਨ, ਸਾਬਿਰ ਅਲੀ, ਅਮਨ ਖਾਨ, ਸੰਜੇ ਆਦਿ ਸ਼ਾਮਲ ਸਨ।
-ਬਾਕਸ-
-ਲੋਕ ਸਾਥ ਦੇਣ ਤਾਂ ਹੀ ਨਸ਼ਾ ਮੁਕਤ ਹੋਵੇਗਾ ਸੂਬਾ : ਰਵਨੀਤ ਸਿੰਘ ਬਿੱਟੂ
ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਯਾਤਰਾ ਆਪਣੇ ਅੰਤਿਮ ਪੜਾਅ ’ਤੇ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਜਲੰਧਰ ਪਹੁੰਚਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਸੰਕਲਪ ਲਿਆ ਹੈ, ਉਸ ਵਿੱਚ ਪੰਜਾਬੀਆਂ ਨੂੰ ਸਹਿਯੋਗ ਦੇਣਾ ਹੋਵੇਗਾ, ਤਾਂ ਹੀ ਪੰਜਾਬ ਨਸ਼ਾ ਮੁਕਤ ਹੋਵੇਗਾ।
-ਭਾਜਪਾ ਹੀ ਬਦਲ ਸਕਦੀ ਹੈ ਪੰਜਾਬ ਦੇ ਹਾਲਾਤ : ਫੂਲਕਾ
ਸੀਨੀਅਰ ਐਡਵੋਕੇਟ ਅਤੇ ਭਾਜਪਾ ਆਗੂ ਐੱਚ.ਐੱਸ. ਫੂਲਕਾ ਨੇ ਕਿਹਾ ਕਿ ਸਾਡੇ ਗੁਆਂਢੀ ਸੂਬੇ ਸਾਡੇ ਤੋਂ ਅੱਗੇ ਨਿਕਲ ਗਏ ਹਨ। ਹਰਿਆਣਾ ਦੀ ਗ੍ਰੋਥ ਰੇਟ 11ਫ਼ੀਸਦੀ ਅਤੇ ਪ੍ਰਤੀ ਵਿਅਕਤੀ ਆਮਦਨ 4.40 ਲੱਖ ਰੁਪਏ ਹੈ, ਜਦਕਿ ਪੰਜਾਬ ਦੀ ਗ੍ਰੋਥ ਰੇਟ 6 ਫ਼ੀਸਦੀ ਅਤੇ ਆਮਦਨ 2.30 ਲੱਖ ਰੁਪਏ ਹੈ। ਫੂਲਕਾ ਨੇ ਦੋਸ਼ ਲਾਇਆ ਕਿ ਸੂਬੇ ਵਿੱਚ ਉਦਯੋਗ ਅਤੇ ਰੁਜ਼ਗਾਰ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਸਿਰਫ਼ ਭਾਜਪਾ ਹੀ ਬਦਲ ਸਕਦੀ ਹੈ।
-ਧਾਰਮਿਕ ਪੇਸ਼ਕਾਰੀਆਂ ਦੌਰਾਨ ਜੁੱਤੀਆਂ ਪਾ ਕੇ ਕੀਤੀ ਪੇਸ਼ਕਾਰੀ
ਧਾਰਮਿਕ ਪੇਸ਼ਕਾਰੀਆਂ ਦੌਰਾਨ ਕੁੱਝ ਕਲਾਕਾਰਾਂ ਵੱਲੋਂ ਜੁੱਤੇ ਪਹਿਨੇ ਹੋਣ ਦੀ ਗੱਲ ਸਾਹਮਣੇ ਆਈ। ਬਾਅਦ ਵਿੱਚ ਕੈਮਰਿਆਂ ਦੀ ਮੌਜੂਦਗੀ ਵਿੱਚ ਕਲਾਕਾਰਾਂ ਵੱਲੋਂ ਜੁੱਤੇ ਉਤਾਰ ਦਿੱਤੇ ਗਏ। ਇਸ ਤੋਂ ਬਾਅਦ ਸਮਾਗਮ ਦੀ ਧਾਰਮਿਕ ਮਰਿਆਦਾ ਨੂੰ ਲੈ ਕੇ ਸਵਾਲ ਉੱਠੇ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਇਹ ਸਵਾਲ ਕੀਤਾ ਗਿਆ ਕਿ ਜੇਕਰ ਸਮਾਗਮ ਦੌਰਾਨ ਧਾਰਮਿਕ ਮਰਿਆਦਾ ਦਾ ਧਿਆਨ ਰੱਖਣਾ ਸੀ, ਤਾਂ ਪ੍ਰਬੰਧਕਾਂ ਵੱਲੋਂ ਕਲਾਕਾਰਾਂ ਨੂੰ ਪਹਿਲਾਂ ਹੀ ਇਸ ਸਬੰਧੀ ਸਪੱਸ਼ਟ ਹਦਾਇਤਾਂ ਕਿਉਂ ਨਹੀਂ ਦਿੱਤੀਆਂ ਗਈਆਂ।
‘ਵੀਆਈਪੀ ਸਭਿਆਚਾਰ’ ਵਿਚਾਲੇ ਆਮ ਵਰਕਰ ਗਾਇਬ
ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਮਨੋਜ ਤਿਵਾੜੀ ਨੂੰ ਵਰਕਰਾਂ ਦੀ ਭੀੜ ਨੇ ਘੇਰ ਲਿਆ। ਇਸ ਦੌਰਾਨ ਕੁੱਝ ਸਮੇਂ ਲਈ ਧੱਕਾ-ਮੁੱਕੀ ਵਰਗੀ ਸਥਿਤੀ ਵੀ ਦਿਖਾਈ ਦਿੱਤੀ, ਜਿਸ ਕਾਰਨ ਪ੍ਰਬੰਧਕਾਂ ਨੂੰ ਭੀੜ ਨੂੰ ਕਾਬੂ ਕਰਨ ਲਈ ਕਾਫ਼ੀ ਮਿਹਨਤ ਕਰਨੀ ਪਈ। ਘਟਨਾ ਨੇ ਸਿਆਸੀ ਸਮਾਗਮਾਂ ਵਿੱਚ ਭੀੜ ਪ੍ਰਬੰਧਨ ਅਤੇ ਅਨੁਸ਼ਾਸਨ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਖ਼ਾਸ ਤੌਰ ’ਤੇ ਉਸ ਸਮੇਂ ਜਦੋਂ ਪ੍ਰੋਗਰਾਮ ਕਿਸੇ ਵੱਡੇ ਸਮਾਜਿਕ ਮੁੱਦੇ ’ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾਇਆ ਜਾ ਰਿਹਾ ਹੋਵੇ।
-ਸਟੇਜ ਅੱਗੇ ਭੀੜ ਨੂੰ ਸੰਭਾਲਣ 'ਚ ਪ੍ਰਬੰਧਕਾਂ ਨੂੰ ਆਈ ਮੁਸ਼ਕਲ
ਸਮਾਗਮ ਦੌਰਾਨ ਮੰਚ ਦੇ ਸਾਹਮਣੇ ਭੀੜ ਨੂੰ ਸੰਭਾਲ ਕਰਨ ਵਿੱਚ ਪ੍ਰਬੰਧਕਾਂ ਨੂੰ ਮੁਸ਼ਕਲ ਆਉਂਦੀ ਦਿਖਾਈ ਦਿੱਤੀ। ਮੰਚ ਤੋਂ ਵਾਰ-ਵਾਰ ਲੋਕਾਂ ਨੂੰ ਬੈਠਣ ਦੀ ਅਪੀਲ ਕੀਤੀ ਗਈ, ਪਰ ਇਸ ਦੇ ਬਾਵਜੂਦ ਕਈ ਵਰਕਰ ਮੰਚ ਦੇ ਸਾਹਮਣੇ ਖੜ੍ਹੇ ਰਹੇ। ਭੀੜ ਦੇ ਇਸ ਤਰ੍ਹਾਂ ਮੰਚ ਦੇ ਨੇੜੇ ਇਕੱਠੇ ਹੋਣ ਕਾਰਨ ਪ੍ਰੋਗਰਾਮ ਦੀ ਵਿਵਸਥਾ ਅਤੇ ਮੰਚ ਤੋਂ ਹੋ ਰਹੀ ਕਾਰਵਾਈ ਨੂੰ ਵੀ ਪ੍ਰਭਾਵਿਤ ਹੋਣ ਦੀ ਸਥਿਤੀ ਬਣੀ ਰਹੀ, ਜਿਸ ਨੇ ਪਾਰਟੀ ਦੇ ਅਨੁਸ਼ਾਸਨਕ ਪ੍ਰਬੰਧਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।
-ਪ੍ਰੈੱਸ ਲਾਊਂਜ 'ਚ ਵਰਕਰਾਂ ਦੀ ਮੌਜੂਦਗੀ, ਕੁੱਝ ਪੱਤਰਕਾਰਾਂ ਨੂੰ ਹੋਈ ਅਸੁਵਿਧਾ
ਸਮਾਗਮ ਦੌਰਾਨ ਪੱਤਰਕਾਰਾਂ ਲਈ ਬਣਾਈ ਗਈ ਪ੍ਰੈੱਸ ਲਾਊਂਜ ਵਿੱਚ ਵੀ ਪਾਰਟੀ ਵਰਕਰਾਂ ਦੇ ਮੌਜੂਦ ਹੋਣ ਨਾਲ ਕੁਝ ਪੱਤਰਕਾਰਾਂ ਨੂੰ ਬੈਠਣ ਲਈ ਥਾਂ ਨਾ ਮਿਲਣ ’ਤੇ ਮੰਚ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਕਵਰੇਜ ਕਰਨੀ ਪਈ। ਸਿਆਸੀ ਸਮਾਗਮਾਂ ਵਿੱਚ ਮੀਡੀਆ ਦੀ ਭੂਮਿਕਾ ਅਹਿਮ ਹੁੰਦੀ ਹੈ। ਇਸ ਲਈ ਪੱਤਰਕਾਰਾਂ ਲਈ ਨਿਰਧਾਰਤ ਥਾਂ, ਬੈਠਣ ਦੀ ਵਿਵਸਥਾ ਅਤੇ ਕਵਰੇਜ ਲਈ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਵੀ ਸਮਾਗਮ ਦੀ ਸਮੁੱਚੀ ਵਿਵਸਥਾ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ।
-ਨਸ਼ਿਆਂ ਦੇ ਮੁੱਦੇ ’ਤੇ ਗੱਲ ਕਰਨ ਪਹੁੰਚੇ ਵਿਅਕਤੀ ਨੂੰ ਲੈਕੇ ਚਰਚਾ
ਸਮਾਗਮ ਦੌਰਾਨ ਸਾਂਸਦ ਮਨੋਜ ਤਿਵਾੜੀ ਦੇ ਸੰਬੋਧਨ ਸਮੇਂ ਇੱਕ ਵਿਅਕਤੀ ਮੰਚ ਦੇ ਸਾਹਮਣੇ ਪਹੁੰਚਿਆ ਅਤੇ ਨਸ਼ਿਆਂ ਦੇ ਮੁੱਦੇ ’ਤੇ ਗੱਲ ਕਰਨ ਦੀ ਇੱਛਾ ਪ੍ਰਗਟਾਈ। ਇਸ ’ਤੇ ਤਿਵਾੜੀ ਵੱਲੋਂ ਉਸ ਵਿਅਕਤੀ ਨੂੰ ਪ੍ਰੋਗਰਾਮ ਤੋਂ ਬਾਅਦ ਮਿਲਣ ਦੀ ਗੱਲ ਕਹੀ ਗਈ ਅਤੇ ਮੰਚ ਤੇ ਹੀ ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨਾਲ ਮੰਚ ’ਤੇ ਹੀ ਬੈਠ ਗਿਆ। ਇਸ ਮੌਕੇ ਕੁਝ ਲੋਕਾਂ ਅਨੁਸਾਰ ਬਾਅਦ ਵਿੱਚ ਸਾਂਸਦ ਤਿਵਾੜੀ ਉਸ ਵਿਅਕਤੀ ਨਾਲ ਮੁਲਾਕਾਤ ਕੀਤੇ ਬਿਨਾਂ ਉਥੋਂ ਚਲੇ ਗਏ। ਇਸ ਦੌਰਾਨ ਕੁਝ ਪ੍ਰਤੱਖਦਰਸ਼ੀਆਂ ਵੱਲੋਂ ਉਸ ਵਿਅਕਤੀ ਦੇ ਨਸ਼ੇ ਦੀ ਹਾਲਤ ਵਿੱਚ ਹੋਣਾ ਦੱਸਿਆ।