- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਕਸ਼ਾਪਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਦੋ ਮੁਲਜ਼ਮ ਕਾਬੂ, ਚੋਰੀ ਦਾ ਸਮਾਨ ਬਰਾਮਦ

-ਪਹਿਲੇ ਦਿਨ ਰੇਕੀ ਉਪਰੰਤ ਰਾਤ ਨੂੰ ਕਾਰ ’ਚ ਸਵਾਰ ਹੋ ਕੇ ਦਿੰਦੇ ਸਨ ਵਾਰਦਾਤਾਂ ਨੂੰ ਅੰਜਾਮ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਥਾਣਾ ਕੂਮਕਲਾਂ ਅਧੀਨ ਆਉਂਦੀ ਕਟਾਣੀ ਕਲਾਂ ਚੌਕੀ ਦੀ ਪੁਲਿਸ ਨੇ ਵਰਕਸ਼ਾਪ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ ਵਾਰਦਾਤਾਂ ਵਿੱਚ ਵਰਤੀ ਹਾਂਡਾ ਸਿਟੀ ਕਾਰ ਸਮੇਤ ਮੋਟਰਸਾਈਕਲ, ਕਬਾੜ ਤੇ ਗੱਡੀਆਂ ਦਾ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਹੈ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪਹਿਲਾਂ ਦਿਨ ਸਮੇਂ ਇਲਾਕੇ ਦੀ ਰੇਕੀ ਕਰਦੇ ਸਨ ਤੇ ਰਾਤ ਨੂੰ ਕਾਰ ਵਿੱਚ ਸਵਾਰ ਹੋ ਕੇ ਵਰਕਸ਼ਾਪਾਂ ਨੂੰ ਨਿਸ਼ਾਨਾ ਬਣਾਉਂਦੇ ਸਨ।
ਥਾਣਾ ਕੂੰਮ ਕਲਾਂ ਦੇ ਐੱਸਐੱਚਓ ਦਲਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕੋਟ ਗੰਗੂ ਰਾਏ ਵਾਸੀ ਗੁਰਚਰਨ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਵਰਕਸ਼ਾਪ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਸ਼ਿਕਾਇਤ ਮੁਤਾਬਕ 26 ਜੂਨ ਨੂੰ ਵੀ ਵਰਕਸ਼ਾਪ ਵਿੱਚੋਂ ਚੋਰੀ ਹੋਈ ਸੀ, ਜਦਕਿ 22 ਅਤੇ 23 ਅਗਸਤ ਦੀ ਦਰਮਿਆਨੀ ਰਾਤ ਨੂੰ ਚੋਰਾਂ ਨੇ ਵਰਕਸ਼ਾਪ ਦੇ ਸ਼ਟਰ ਦੇ ਤਾਲੇ ਤੋੜ ਕੇ ਗੱਡੀਆਂ ਦਾ ਸਾਮਾਨ ਅਤੇ ਬੈਟਰੀਆਂ ਚੋਰੀ ਕਰ ਲਈਆਂ ਸਨ। ਇਸੇ ਤਰ੍ਹਾਂ 25 ਅਤੇ 26 ਸਤੰਬਰ ਦੀ ਦਰਮਿਆਨੀ ਰਾਤ ਨੂੰ ਵੀ ਵਰਕਸ਼ਾਪ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਮਾਮਲੇ ਦੀ ਜਾਂਚ ਦੌਰਾਨ ਅੰਮ੍ਰਿਤਪਾਲ ਸਿੰਘ ਅਤੇ ਸੰਗਤ ਸਿੰਘ ਨੂੰ ਕਾਬੂ ਕੀਤਾ। ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਆਪਸ ਵਿੱਚ ਮਿਲ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਇਸ ਲਈ ਹਾਂਡਾ ਸਿਟੀ ਕਾਰ ਦੀ ਵਰਤੋਂ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਹਾਂਡਾ ਸਿਟੀ ਕਾਰ, ਹੌਂਡਾ ਸ਼ਾਇਨ ਮੋਟਰਸਾਈਕਲ, ਸਕਰੈਪ ਦਾ ਸਾਮਾਨ, ਪੰਜ ਸਾਇਲੈਂਸਰ ਸਮੇਤ ਢੋਲਕੀਆਂ, ਤਿੰਨ ਮਰਗਾੜ ਅਤੇ ਸਵਿਫਟ ਕਾਰ ਦੇ ਦੋ ਬੰਪਰ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਬਰਾਮਦ ਸਾਮਾਨ ਨੂੰ ਪਿਛਲੀਆਂ ਚੋਰੀ ਦੀਆਂ ਵਾਰਦਾਤਾਂ ਨਾਲ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਐੱਸਐੱਚਓ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦਿਨ ਸਮੇਂ ਇਲਾਕੇ ਵਿਚ ਘੁੰਮ ਕੇ ਵਰਕਸ਼ਾਪਾਂ ਅਤੇ ਹੋਰ ਥਾਵਾਂ ਦੀ ਰੇਕੀ ਕਰਦੇ ਸਨ।
ਇਸ ਤੋਂ ਬਾਅਦ ਰਾਤ ਸਮੇਂ ਕਾਰ ਵਿੱਚ ਸਵਾਰ ਹੋ ਕੇ ਵਾਰਦਾਤ ਵਾਲੀ ਥਾਂ ’ਤੇ ਪਹੁੰਚਦੇ ਅਤੇ ਸ਼ਟਰਾਂ ਦੇ ਤਾਲੇ ਤੋੜ ਕੇ ਗੱਡੀਆਂ ਨਾਲ ਸਬੰਧਤ ਸਾਮਾਨ, ਬੈਟਰੀਆਂ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲੈਂਦੇ ਸਨ। ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਮੁਲਜ਼ਮਾਂ ਨੇ ਇਸੇ ਤਰੀਕੇ ਨਾਲ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤੇ ਚੋਰੀ ਦਾ ਸਾਮਾਨ ਕਿੱਥੇ ਖਪਤ ਕਰਦੇ ਸਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਵਾਰਦਾਤਾਂ ਅਤੇ ਚੋਰੀ ਦੇ ਸਾਮਾਨ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ।