- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਠੰਢੀ ਅੱਗ’ ਸਮੇਤ ਦੋ ਕਿਤਾਬਾਂ ’ਤੇ ਹੋਈ ਡੂੰਘੀ ਵਿਚਾਰ ਚਰਚਾ

-ਕਾਵਿ-ਗੋਸ਼ਟੀ ’ਚ ਰਚਨਾਵਾਂ ਨਾਲ ਕਵੀਆਂ ਨੇ ਬੰਨ੍ਹਿਆ ਸਾਹਿਤਕ ਰੰਗ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸਮਰਾਲਾ ਚੌਕ ਨੇੜੇ ਸਥਿਤ ਪ੍ਰੀਤ ਸਾਹਿਤ ਸਦਨ ਵਿਖੇ ਮਸ਼ਹੂਰ ਲੇਖਿਕਾ ਸੀਮਾ ਵਰਮਾ ਦੀ ਕਿਤਾਬ ‘ਠੰਢੀ ਅੱਗ’ ਅਤੇ ਸੁਰਿੰਦਰ ਸਿੰਘ ਕੈਲੇ ਦੀ ਕਿਤਾਬ ‘ਚੁੱਪ ਦਾ ਸੰਨਾਟਾ’ ’ਤੇ ਡੂੰਘੀ ਵਿਚਾਰ ਚਰਚਾ ਕੀਤੀ। ਤਿੰਨ ਘੰਟੇ ਤੱਕ ਚੱਲੇ ਇਸ ਸਾਹਿਤਕ ਸਮਾਗਮ ਵਿੱਚ ਸਾਹਿਤਕਾਰਾਂ, ਕਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਦੋਵੇਂ ਪੁਸਤਕਾਂ ਦੇ ਵਿਸ਼ਿਆਂ, ਸਾਹਿਤਕ ਪੱਖਾਂ, ਰਚਨਾਤਮਕ ਵਿਸ਼ੇਸ਼ਤਾਵਾਂ ਅਤੇ ਲੇਖਕਾਂ ਦੀ ਪੇਸ਼ਕਾਰੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਸਮਾਗਮ ਦਾ ਮੰਚ ਸੰਚਾਲਨ ਮਨੋਜ ਪ੍ਰੀਤ ਨੇ ਕੀਤਾ। ਇਸ ਮੌਕੇ ਸੀਮਾ ਭਾਟੀਆ ਅਤੇ ਜਗਜੀਤ ਗੁਰਮ ਵੱਲੋਂ ਕਿਤਾਬਾਂ ਵਿੱਚੋਂ ਕੁੱਝ ਰਚਨਾਵਾਂ ਦਾ ਗਾਇਨ ਕੀਤਾ। ਸੀਮਾ ਵਰਮਾ ਅਤੇ ਸੁਰਿੰਦਰ ਸਿੰਘ ਕੈਲੇ ਨੇ ਆਪਣੀਆਂ ਪੁਸਤਕਾਂ ਦੀ ਰਚਨਾ ਪ੍ਰਕਿਰਿਆ ਸਬੰਧੀ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਸੁਰਿੰਦਰ ਰਾਮਪੁਰੀ ਨੇ ਕੀਤੀ। ਉਨ੍ਹਾਂ ਸਾਹਿਤਕ ਸਮਾਗਮਾਂ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਲੇਖਕਾਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਵਿਚਕਾਰ ਸੰਵਾਦ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਸਾਹਿਤ ਨਾਲ ਲਗਾਤਾਰ ਜੁੜੇ ਰਹਿਣ ਲਈ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਹੋਈ ਕਾਵਿ-ਗੋਸ਼ਟੀ ਵਿੱਚ ਵੱਖ-ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਕਵਿਤਾਵਾਂ ਰਾਹੀਂ ਸਮਾਜਿਕ ਸਰੋਕਾਰਾਂ, ਮਨੁੱਖੀ ਭਾਵਨਾਵਾਂ ਅਤੇ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ। ਗੋਸ਼ਟੀ ਦੌਰਾਨ ਹਾਜ਼ਰ ਸਰੋਤਿਆਂ ਨੇ ਕਵੀਆਂ ਦੀਆਂ ਰਚਨਾਵਾਂ ਦਾ ਸਾਹਿਤਕ ਰਸ ਮਾਣਿਆ। ਸਮਾਗਮ ਵਿੱਚ ਰਾਜਿੰਦਰ ਕੁਮਾਰ, ਸਨੇਹ ਇੰਦਰ ਸਮੇਤ ਹੋਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਅੰਤ ’ਚ ਲੇਖਕ, ਗਾਇਕ ਅਤੇ ਸ਼ਾਇਰ ਜ਼ੋਰਾਵਰ ਸਿੰਘ ਪੰਛੀ ਨੇ ਸਮੂਹ ਮਹਿਮਾਨਾਂ, ਸਾਹਿਤਕਾਰਾਂ, ਕਵੀਆਂ ਅਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ।