- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਮੁਕਤੀ ਯਾਤਰਾ ਨੂੰ ਲੈ ਕੇ ਭਾਜਪਾ ਨੇ ਕੀਤੀਆਂ ਤਿਆਰੀਆਂ

-ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ ਨੇ ਆਗੂਆਂ ਤੇ ਵਰਕਰਾਂ ਦੀ ਲਾਈ ਡਿਊਟੀ
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ, ਲੁਧਿਆਣਾ
ਭਾਰਤੀ ਜਨਤਾ ਪਾਰਟੀ ਲੁਧਿਆਣਾ ਦੀ ਇੱਕ ਮਹੱਤਵਪੂਰਨ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਹੋਈ। ਮੀਟਿੰਗ ਦੌਰਾਨ ਪੰਜਾਬ ਵਿੱਚ ਭਾਜਪਾ ਵੱਲੋਂ ਕੱਢੀ ਜਾ ਰਹੀ ਨਸ਼ਾ ਮੁਕਤੀ ਪੰਜਾਬ ਯਾਤਰਾ ਦੇ ਲੁਧਿਆਣਾ ਪਹੁੰਚਣ ਨੂੰ ਲੈ ਕੇ ਤਿਆਰੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਜਪਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਜਨ-ਜਾਗਰੂਕਤਾ ਦਾ ਸੁਨੇਹਾ ਲੈ ਕੇ ਕੱਢੀ ਜਾ ਰਹੀ ਇਹ ਯਾਤਰਾ ਅੱਜ ਸਵੇਰੇ 11 ਵਜੇ ਲੁਧਿਆਣਾ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਯਾਤਰਾ ਦੇ ਲੁਧਿਆਣਾ ਪਹੁੰਚਣ 'ਤੇ ਸਮਰਾਲਾ ਚੌਕ ਵਿਖੇ ਭਾਜਪਾ ਯੁਵਾ ਮੋਰਚਾ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਯਾਤਰਾ ਲੁਧਿਆਣਾ ਸੈਂਟਰਲ ਵਿਧਾਨ ਸਭਾ ਹਲਕੇ ਦੇ ਈਸਾ ਨਗਰ ਪੁਲੀ ਚੌਕ ਵਿਖੇ ਪਹੁੰਚੇਗੀ, ਜਿੱਥੇ ਭਾਜਪਾ ਦੇ ਰਾਸ਼ਟਰੀ ਆਗੂ ਤੇ ਐੱਮਪੀ ਮਨੋਜ ਤਿਵਾਰੀ, ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਐਚਐਸ. ਫੂਲਕਾ ਸਮੇਤ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਭਾਜਪਾ ਵਰਕਰਾਂ ਨੂੰ ਸੰਬੋਧਨ ਕਰੇਗੀ। ਉਨ੍ਹਾਂ ਦੱਸਿਆ ਕਿ ਈਸਾ ਨਗਰ ਪੁਲੀ ਚੌਕ ਵਿਖੇ ਪ੍ਰੋਗਰਾਮ ਤੋਂ ਬਾਅਦ ਨਸ਼ਾਮੁਕਤੀ ਯਾਤਰਾ ਜਲੰਧਰ ਲਈ ਰਵਾਨਾ ਹੋਵੇਗੀ, ਜਿੱਥੇ 30 ਸਤੰਬਰ ਨੂੰ ਯਾਤਰਾ ਦਾ ਸਮਾਪਤੀ ਸਮਾਗਮ ਹੋਵੇਗਾ। ਸਮਾਪਤੀ ਸਮਾਗਮ ਮੌਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ। ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿੱਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜਨ-ਜਾਗਰੂਕਤਾ ਦੇ ਇਸ ਅਭਿਆਨ ਨੂੰ ਸਫਲ ਬਣਾਉਣ ਲਈ ਭਾਜਪਾ ਵਰਕਰ ਪੂਰੀ ਮਿਹਨਤ ਅਤੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਮੀਟਿੰਗ ਦੌਰਾਨ ਯਾਤਰਾ ਦੇ ਸਵਾਗਤ, ਪ੍ਰੋਗਰਾਮ ਦੀ ਵਿਵਸਥਾ ਅਤੇ ਵਰਕਰਾਂ ਦੀ ਸ਼ਮੂਲੀਅਤ ਨੂੰ ਲੈ ਕੇ ਵੱਖ-ਵੱਖ ਭਾਜਪਾ ਆਗੂਆਂ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਹਰਸ਼ ਸ਼ਰਮਾ, ਸ਼ੀਨੂ ਚੁੱਘ, ਕੈਲਾਸ਼ ਚੌਧਰੀ, ਉਪ ਪ੍ਰਧਾਨ ਸੁਮਿਤ ਟੰਡਨ, ਸੰਜੇ ਗੋਸਾਈਂ ਸਮੇਤ ਹੋਰ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।