- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨ ਉੱਦਮੀਆਂ ਨੇ ਐੱਸਬੀਐੱਸ ਤੇ ਨਿਧੀ-ਟੀਬੀਆਈ ਦਾ ਕੀਤਾ ਦੌਰਾ

26
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਇੱਛਾ ਰੱਖਣ ਵਾਲੇ ਦੋ ਨੌਜਵਾਨ ਉੱਦਮੀਆਂ ਪਿੰਡ ਗਿੱਲ, ਲੁਧਿਆਣਾ ਦੇ ਬਲਜੀਤ ਸਿੰਘ ਅਤੇ ਪਿੰਡ ਜੋਧਾਂ, ਲੁਧਿਆਣਾ ਦੇ ਹਰਮਨਦੀਪ ਸਿੰਘ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੇ ਸਕੂਲ ਆਫ ਬਿਜ਼ਨਸ ਸਟੱਡੀਜ਼ (ਐੱਸਬੀਐੱਸ) ਦਾ ਦੌਰਾ ਕੀਤਾ। ਇਸ ਮੌਕੇ ਉਹ ਨਿਧੀ-ਟੀਬੀਆਈ ਦੀ ਟੀਮ ਨਾਲ ਵੀ ਮਿਲੇ। ਐੱਸਬੀਐੱਸ ਦੇ ਡਾਇਰੈਕਟਰ ਤੇ ਨਿਧੀ-ਟੀਬੀਆਈ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਰਮਨਦੀਪ ਸਿੰਘ ਨੇ ਨੌਜਵਾਨਾਂ ਦੇ ਉੱਦਮੀ ਜਜ਼ਬੇ ਅਤੇ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਆਪਣੇ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਵਚਨਬੱਧਤਾ, ਸਬਰ ਅਤੇ ਬਾਜ਼ਾਰ ਦੀਆਂ ਲੋੜਾਂ ਦੀ ਸਪੱਸ਼ਟ ਸਮਝ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਵਿਹਾਰਕ ਤਜਰਬੇ ਤੋਂ ਸਿੱਖਣਾ, ਮਜ਼ਬੂਤ ਪੇਸ਼ੇਵਰ ਸੰਪਰਕ ਬਣਾਉਣਾ ਅਤੇ ਯੂਨੀਵਰਸਿਟੀ ਵੱਲੋਂ ਉੱਦਮਤਾ ਅਤੇ ਇਨਕਿਊਬੇਸ਼ਨ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਉਠਾਉਣਾ ਬਹੁਤ ਮਹੱਤਵਪੂਰਨ ਹੈ। ਨਿਧੀ-ਟੀਬੀਆਈ ਦੀਆਂ ਨੈੱਟਵਰਕਿੰਗ ਪਹਿਲਕਦਮੀਆਂ ਤਹਿਤ ਡਾ. ਰਮਨਦੀਪ ਸਿੰਘ ਨੇ ਇਨ੍ਹਾਂ ਨੌਜਵਾਨਾਂ ਦੀ ਮੁਲਾਕਾਤ ਨਿਧੀ-ਟੀਬੀਆਈ ਦੇ ਇਕ ਰਜਿਸਟਰਡ ਇਨਕਿਊਬੇਟੀ ਨਾਲ ਕਰਵਾਈ। ਇਸ ਗੱਲਬਾਤ ਦੌਰਾਨ ਨੌਜਵਾਨਾਂ ਨੂੰ ਕਾਰੋਬਾਰ ਸ਼ੁਰੂ ਕਰਨ ਤੇ ਚਲਾਉਣ ਦੇ ਵਿਹਾਰਕ ਪੱਖਾਂ ਬਾਰੇ ਸਿੱਧੀ ਜਾਣਕਾਰੀ ਮਿਲੀ। ਨਿਧੀ-ਟੀਬੀਆਈ ਦੇ ਸੀਈਓ ਗੁਰਿੰਦਰ ਸਿੰਘ ਗਿੱਲ ਨੇ ਨੌਜਵਾਨ ਉੱਦਮੀਆਂ ਨੂੰ ਆਪਣੇ ਕਾਰੋਬਾਰੀ ਟੀਚਿਆਂ ਪ੍ਰਤੀ ਕੇਂਦਰਿਤ ਰਹਿਣ ਤੇ ਆਪਣੇ ਵਿਚਾਰਾਂ ਨੂੰ ਹੋਰ ਨਿਖਾਰਨ ਲਈ ਇਨਕਿਊਬੇਸ਼ਨ ਪ੍ਰਣਾਲੀ ਨਾਲ ਸਰਗਰਮੀ ਨਾਲ ਜੁੜਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਉੱਦਮ ਦੇ ਸ਼ੁਰੂਆਤੀ ਪੜਾਅ ’ਚ ਨੈੱਟਵਰਕਿੰਗ, ਮਾਰਗਦਰਸ਼ਨ ਅਤੇ ਸੰਸਥਾਗਤ ਸਹਾਇਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਨਿਧੀ-ਟੀਬੀਆਈ ਦੇ ਬਿਜ਼ਨਸ ਮੈਨੇਜਰ ਸਮੀਰ ਗੌਤਮ ਨੇ ਨੌਜਵਾਨਾਂ ਨੂੰ ਨਿਧੀ-ਟੀਬੀਆਈ ਨਾਲ ਰਜਿਸਟ੍ਰੇਸ਼ਨ ਅਤੇ ਦਾਖ਼ਲਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਤੇ ਉੱਦਮੀਆਂ ਲਈ ਉਪਲਬਧ ਵੱਖ-ਵੱਖ ਸਹਾਇਤਾ ਪ੍ਰਣਾਲੀਆਂ ਬਾਰੇ ਵਿਸਥਾਰ ਨਾਲ ਦੱਸਿਆ। ਨਿਧੀ-ਟੀਬੀਆਈ ਦੀ ਟੀਮ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਾਰੋਬਾਰੀ ਵਿਚਾਰਾਂ ਨੂੰ ਵਿਕਸਤ ਕਰਨ, ਕਾਰੋਬਾਰੀ ਮਾਡਲ ਮਜ਼ਬੂਤ ਕਰਨ, ਬ੍ਰਾਂਡ ਤਿਆਰ ਕਰਨ ਤੇ ਢੁੱਕਵੇਂ ਮਾਰਗਦਰਸ਼ਕਾਂ, ਮਾਹਿਰਾਂ ਅਤੇ ਪੇਸ਼ੇਵਰ ਨੈੱਟਵਰਕਾਂ ਨਾਲ ਜੋੜਨ ਲਈ ਲਗਾਤਾਰ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਨੌਜਵਾਨ ਉੱਦਮੀਆਂ ਨੇ ਆਪਣੇ ਵਿਚਾਰਾਂ ਨੂੰ ਅੱਗੇ ਲਿਜਾਣ ਅਤੇ ਐੱਸਬੀਐੱਸ ਤੇ ਨਿਧੀ-ਟੀਬੀਆਈ ਵੱਲੋਂ ਉਪਲਬਧ ਕਰਵਾਏ ਜਾ ਰਹੇ ਮਾਰਗਦਰਸ਼ਨ ਤੇ ਮੌਕਿਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਭ ਲੈਣ ਲਈ ਉਤਸ਼ਾਹ ਪ੍ਰਗਟਾਇਆ।