- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਧੁਨਿਕ ਸਹੂਲਤਾਂ ਵਾਲੇ ਡਾ. ਰਤਨ ਸਿੰਘ ਜੱਗੀ ਰੀਡਿੰਗ ਹਾਲ ਦੀ ਉਸਾਰੀ ਆਰੰਭ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਡਾ. ਰਤਨ ਸਿੰਘ ਜੱਗੀ ਦੀ ਵਿਸ਼ਾਲ ਸਾਹਿਤਕ ਵਿਰਾਸਤ ਨੂੰ ਸਦਾ ਲਈ ਜੀਵਤ ਰੱਖਣ ਦੇ ਉਦੇਸ਼ ਨਾਲ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਮੈਮੋਰੀਅਲ ਚੈਰੀਟੇਬਲ ਫਾਊਂਡੇਸ਼ਨ ਦੀ ਬੇਨਤੀ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਡਾ. ਰਤਨ ਸਿੰਘ ਜੱਗੀ ਰੀਡਿੰਗ ਹਾਲ ਦੀ ਐਤਵਾਰ ਨੂੰ ਉਸਾਰੀ ਦਾ ਆਰੰਭ ਕੀਤੀ ਗਈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਵੱਲੋਂ ਉਸਾਰੀ ਸ਼ੁਰੂ ਕੀਤੀ ਤੇ ਡਾ. ਹਰੀ ਸਿੰਘ ਜਾਚਕ ਵੱਲੋਂ ਅਰਦਾਸ ਕੀਤੀ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਨਵੇਂ ਉਸਾਰੇ ਜਾਣ ਵਾਲੇ ਆਧੁਨਿਕ ਸਹੂਲਤਾਂ ਵਾਲੇ ਰੀਡਿੰਗ ਹਾਲ ਦਾ ਨਾਮ ‘ਡਾ. ਰਤਨ ਸਿੰਘ ਜੱਗੀ ਰੀਡਿੰਗ ਹਾਲ’ ਹੋਵੇਗਾ। ਪ੍ਰਬੰਧਕੀ ਬੋਰਡ ਵੱਲੋਂ ਸਰਬ-ਸੰਮਤੀ ਨਾਲ ਹੋਏ ਫ਼ੈਸਲੇ ਅਨੁਸਾਰ ਉਪਰੋਕਤ ਕਾਰਜ ਦਾ ਆਰੰਭ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਾਲ ਵਿੱਚ ਡਾ. ਰਤਨ ਸਿੰਘ ਜੱਗੀ ਦੀ ਤਸਵੀਰ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਵੀ ਇੱਕ ਕੰਧ ’ਤੇ ਦਰਸਾਇਆ ਜਾਵੇਗਾ ਤਾਂ ਜੋ ਆਉਣ ਵਾਲੇ ਸਕਾਲਰਾਂ ਨੂੰ ਭਵਿੱਖ ਵਿੱਚ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਰਹੇ। ਰੀਡਿੰਗ ਹਾਲ ਨੂੰ ਬਣਾਉਣ ਤੇ ਆਉਣ ਵਾਲਾ ਸਾਰਾ ਖ਼ਰਚਾ ਫ਼ਾਊਡੇਸ਼ਨ ਵੱਲੋਂ ਕੀਤਾ ਜਾਵੇਗਾ। ਅਕਾਡਮੀ ਦੀ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਦੱਸਿਆ ਕਿ ਅਕਾਡਮੀ ਵੱਲੋਂ ਹਰ ਸਾਲ ਪੁਸਤਕ ਮੇਲਾ ਤੇ ਸਾਹਿਤ ਉਤਸਵ ਕਰਵਾਇਆ ਜਾਂਦਾ ਹੈ। ਪ੍ਰਬੰਧਕੀ ਬੋਰਡ ਦੇ ਫ਼ੈਸਲੇ ਅਨੁਸਾਰ ਇਸ ਸਾਲ ਦਾ ਉਤਸਵ ਡਾ. ਰਤਨ ਸਿੰਘ ਜੱਗੀ ਨੂੰ ਸਮਰਪਿਤ ਕੀਤਾ ਜਾਵੇਗਾ।
ਅਗਲੀ ਵਾਰੀ ਦਾ ਫ਼ੈਸਲਾ ਅਗਲਾ ਪ੍ਰਬੰਧਕੀ ਬੋਰਡ ਕਰੇਗਾ। ਦੂਸਰੇ ਦਿਨ ਸਨਮਾਨ ਸਮਾਗਮ ਕੀਤਾ ਜਾਵੇਗਾ ਤੇ ਵਿਦਵਾਨਾਂ ਵੱਲੋਂ ਡਾ. ਜੱਗੀ ਬਾਰੇ ਖੋਜ ਪੱਤਰ ਪੜ੍ਹੇ ਜਾਣਗੇ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਅਕਾਡਮੀ ਵੱਲੋਂ ਇੱਕ ਵਿਸ਼ੇਸ਼ ਅੰਕ ਡਾ. ਰਤਨ ਸਿੰਘ ਜੱਗੀ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਡਾ. ਰਤਨ ਸਿੰਘ ਜੱਗੀ ਦੇ ਸਪੁੱਤਰ ਮਾਲਵਿੰਦਰ ਸਿੰਘ ਜੱਗੀ ਨੂੰ ਹਾਜ਼ਰ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵੱਲੋਂ ਦੋਸ਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਇਕਬਾਲ ਸਿੰਘ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ, ਜਨਮੇਜਾ ਸਿੰਘ ਜੌਹਲ, ਹਰਵਿੰਦਰ ਸਿੰਘ ਸਿਰਸਾ, ਕੇ. ਸਾਧੂ ਸਿੰਘ, ਡਾ. ਸਿਮਰਜੀਤ ਕੌਰ ਗਿੱਲ, ਤ੍ਰੈਲੋਚਨ ਲੋਚੀ, ਪ੍ਰਭਜੋਤ ਸਿੰਘ ਸੋਹੀ, ਪ੍ਰਿੰਸੀਪਲ ਨਵਤੇਜ ਗੜ੍ਹਦੀਵਾਲਾ, ਦੀਪ ਜਗਦੀਪ ਸਿੰਘ, ਰਜਿੰਦਰ ਸਿੰਘ ਰਾਜਨ ਸ਼ਾਮਲ ਸਨ।