- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਪੀਐਸ ਹਸਪਤਾਲ ਨੇ ਕਰਵਾਈ ਦਿਲ ਦੀ ਮੈਰਾਥਨ ਦੌੜ

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ
ਹਰ ਸਾਲ ਦੀ ਤਰ੍ਹਾਂ ਸੰਸਾਰ ਦਿਲ ਦਿਵਸ ਮੌਕੇ 12 ਵੀਂ ਦਿਲ ਦੀ ਮੈਰਾਥਨ ਦੌੜ ਕਰਵਾਈ। ਇਸ ਮੌਕੇ ਮੈਰਾਥਨ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਜੈ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਭਰ ਵਿੱਚ ਜਿੰਨੀਆਂ ਵੀ ਮੌਤਾਂ ਹੁੰਦੀਆਂ ਹਨ, ਉਨ੍ਹਾਂ ਦਾ ਮੁੱਖ ਕਾਰਨ ਦਿਲ ਦੇ ਰੋਗ ਹੁੰਦੇ ਹਨ,ਇਸ ਲਈ ਦਿਲ ਨੂੰ ਸਿਹਤਮੰਦ ਰੱਖਣ ਲਈ ਸਮਾਜ ਦੇ ਹਰੇਕ ਨਾਗਰਿਕ ਨੂੰ ਸੰਤੁਲਿਤ ਖ਼ੁਰਾਕ ਲੈਣ ਦੇ ਨਾਲ ਨਾਲ ਹਰ ਰੋਜ਼ ਕਸਰਤ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਇਸ ਵੇਲੇ ਸੱਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਸ਼ਹਿਰੀ ਅਬਾਦੀ ਦੇ 30 ਫੀਸਦੀ ਹਿੱਸਾ ਜਦ ਕਿ ਪੇਂਡੂ ਅਬਾਦੀ ਦਾ 15 ਫ਼ੀਸਦੀ ਹਿੱਸਾ ਦਿਲ ਦੇ ਰੋਗਾਂ ਤੋਂ ਪ੍ਰਭਾਵਿਤ ਹੋ ਚੁੱਕਿਆ ਹੈ, ਇਸ ਲਈ ਸਾਨੂੰ ਆਪਣੇ ਦਿਲ ਦੀ ਸਿਹਤ ਨੂੰ ਮਜ਼ਬੂਤ ਰੱਖਣ ਲਈ ਜਾਗਰੂਕ ਹੋਣਾ ਚਾਹੀਦਾ ਹੈ। ਦੌੜ ਦੌਰਾਨ ਮਰਦਾਂ ਵਿੱਚੋਂ ਹਰਸ਼ ਨਾਉਂ ਦੇ ਦੌੜਾਕ ਨੇ ਪਹਿਲੇ ਸਥਾਨ ‘ਤੇ ਆਉਣ ‘ਤੇ 51000 ਰੁਪਏ ਦਾ ਨਕਦ ਇਨਾਮ ਜਿੱਤਿਆ ਜਦਕਿ ਔਰਤਾਂ ਦੀ ਦੌੜ ਦੌਰਾਨ ਸੰਜਨਾ ਨਾਂ ਦੀ ਦੌੜਾਕ ਨੇ ਪਹਿਲੇ ਸਥਾਨ ‘ਤੇ ਆਉਣ ‘ਤੇ 31000 ਰੁਪਏ ਆਪਣੀ ਝੋਲੀ ਵਿੱਚ ਪੁਵਾਏ। ਇਸ ਮੌਕੇ ਮਰਦਾਂ ਵਿੱਚੋਂ ਦੂਜੇ ਸਥਾਨ ‘ਤੇ ਆਉਣ ਵਾਲੇ ਦੌੜਾਕ ਨੂੰ 31000 ਰੁਪਏ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਨੂੰ 21000 ਰੁਪਏ ਇਨਾਮ ਦਿੱਤਾ ਗਿਆ ਜਦਕਿ ਔਰਤਾਂ ਵਿਚੋਂ ਪਹਿਲੇ ਅਤੇ ਦੂਜੇ ਸਥਾਨ ‘ਤੇ ਆਉਣ ਵਾਲੀਆਂ ਦੌੜਾਕਾਂ ਨੂੰ ਕ੍ਰਮਵਾਰ 21000 ਰੁਪਏ ਅਤੇ 11000 ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਮਰਦਾਂ ਤੇ ਔਰਤਾਂ ਵਿੱਚੋਂ ਚੌਥੇ ਸਥਾਨ ਤੋਂ ਲੈ ਕੇ 11 ਵੇਂ ਸਥਾਨ ਤੱਕ ਆਉਣ ਵਾਲੇ ਦੌੜਾਕ ਨੂੰ ਹੌਸਲਾ ਵਧਾਊ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਹਸਪਤਾਲ ਵੱਲੋਂ ਲੁਧਿਆਣਾ ਵਿੱਚ ਕਰਵਾਈ ਗਈ ਮੈਰਾਥਨ ਦੌੜ ’ਚ ਦੇਸ਼ ਭਰ ਤੋਂ ਲਗਭਗ 1800 ਦੌੜਾਕਾਂ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸੀਓਓ ਯੋਗਿੰਦਰ ਨਾਥ ਅਵੱਧਿਆ, ਦਿਲ ਦੇ ਰੋਗਾਂ ਦੇ ਮਾਹਿਰ ਡਾ ਰਵਨਿੰਦਰ ਸਿੰਘ ਕੂਕਾ, ਡਾ. ਨਵਦੀਪ ਸਿੰਘ, ਡਾ. ਜੀਪੀਐੱਸ ਕਲੇਰ ,ਡਾ. ਮਨਪ੍ਰੀਤ ਸਲੂਜਾ ਤੇ ਡਾ. ਅਨੂਪਮ ਸ਼੍ਰੀਵਾਸਤਵ ਨੇ ਵੀ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ। ਅਖੀਰ ਵਿੱਚ ਹਸਪਤਾਲ ਦੇ ਪ੍ਰਬੰਧ ਨਿਰਦੇਸ਼ਕ ਜੈ ਸਿੰਘ ਸੰਧੂ ਤੇ ਪ੍ਰਸਿੱਧ ਸਨਅਤਕਾਰ ਓਂਕਾਰ ਸਿੰਘ ਪਾਹਵਾ ਨੇ ਜੇਤੂਆਂ ਸਮੇਤ ਮੈਰਾਥਨ ਵਿੱਚ ਹਿੱਸਾ ਲੈਣ ਵਾਲਿਆਂ ਦੇ ਭਵਿੱਖ ਲਈ ਕਾਮਨਾ ਕਰਦਿਆਂ ਜੇਤੂਆਂ ਨੂੰ ਇਨਾਮ ਵੰਡੇ।