- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਸ਼ਨ-ਏ-ਇਨਕਲਾਬ ਲਈ ਟ੍ਰੈਫਿਕ ਪਲਾਨ ਤਿਆਰ, ਅੱਜ ਕਈ ਰਸਤਿਆਂ ’ਤੇ ਰਹੇਗੀ ਪਾਬੰਦੀ

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ’ਚ ਅੱਜ ਹੋਣ ਵਾਲੇ ਜਸ਼ਨ-ਏ-ਇਨਕਲਾਬ ਪ੍ਰੋਗਰਾਮ ਨੂੰ ਲੈ ਕੇ ਟ੍ਰੈਫਿਕ ਪੁਲਿਸ ਨੇ ਵਿਸ਼ੇਸ਼ ਟ੍ਰੈਫਿਕ ਪਲਾਨ ਤਿਆਰ ਕੀਤਾ ਹੈ। ਏਸੀਪੀ ਟ੍ਰੈਫਿਕ ਜਤਿਨ ਬਾਂਸਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਪੁਲਿਸ ਵੱਲੋਂ ਤੈਅ ਕੀਤੇ ਰਸਤਿਆਂ ਦੀ ਵਰਤੋਂ ਕਰਨ ਅਤੇ ਨਿਰਧਾਰਤ ਪਾਰਕਿੰਗ ਥਾਵਾਂ ’ਤੇ ਹੀ ਵਾਹਨ ਖੜ੍ਹੇ ਕਰਨ। ਪੀਏਯੂ ਵੱਲ ਜਾਣ ਵਾਲੀਆਂ ਨਿਸ਼ਾਨਬੱਧ ਸੜਕਾਂ ’ਤੇ ਸਿਰਫ਼ ਪ੍ਰੋਗਰਾਮ ਨਾਲ ਸਬੰਧਤ ਵਾਹਨਾਂ ਤੇ ਐਮਰਜੈਂਸੀ ਸੇਵਾਵਾਂ ਨੂੰ ਆਗਿਆ ਹੋਵੇਗੀ। ਭਾਰੀ ਵਾਹਨਾਂ ਨੂੰ ਲਾਡੋਵਾਲ, ਜਲੰਧਰ ਬਾਈਪਾਸ, ਸ਼ਿਵਪੁਰੀ, ਬਸਤੀ ਜੋਧੇਵਾਲ, ਸਮਰਾਲਾ ਚੌਕ, ਸ਼ੇਰਪੁਰ ਚੌਕ, ਸਾਹਨੇਵਾਲ ਚੌਕ, ਟਿੱਬਾ ਕੈਨਾਲ ਬ੍ਰਿਜ, ਡੇਹਲੋਂ ਚੌਕ, ਬੀ-7 ਚੌਕ ਅਤੇ ਮਲਕਪੁਰ ਵਾਲੇ ਬਾਹਰੀ ਰੂਟ ਰਾਹੀਂ ਕੱਢਿਆ ਜਾਵੇਗਾ। ਜਗਰਾਉਂ-ਰਾਏਕੋਟ, ਸਮਰਾਲਾ, ਦੋਰਾਹਾ, ਲਾਡੋਵਾਲ, ਫਿਲੌਰ, ਰਾਹੋਂ ਅਤੇ ਹੰਬੜਾਂ ਵੱਲੋਂ ਆਉਣ ਵਾਲੇ ਟ੍ਰੈਫਿਕ ਨੂੰ ਵੀ ਨਿਰਧਾਰਤ ਰਸਤਿਆਂ ਵੱਲ ਚੈਨੇਲਾਈਜ਼ ਕੀਤਾ ਜਾਵੇਗਾ। ਦਾਖਾ ਅਤੇ ਜੋਧਾਂ ਵੱਲੋਂ ਪੀਏਯੂ ਦੇ ਪਾਬੰਦੀਸ਼ੁਦਾ ਖੇਤਰ ਵੱਲ ਆਉਣ ਵਾਲੇ ਭਾਰੀ ਵਾਹਨਾਂ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਹੋਵੇਗੀ। ਆਮ ਲੋਕਾਂ ਤੇ ਹਲਕੇ ਵਾਹਨਾਂ ਲਈ ਬਦਲਵੇਂ ਰਸਤੇ ਖੁੱਲ੍ਹੇ ਰਹਿਣਗੇ। ਮਲਕਪੁਰ-ਝੱਮਟ ਕੱਟ ਅਤੇ ਸਾਊਥ ਸਿਟੀ ਵੱਲੋਂ ਹਲਕੇ ਵਾਹਨਾਂ ਦੀ ਆਵਾਜਾਈ ਨੂੰ ਵੀ ਵਿਵਸਥਿਤ ਕੀਤਾ ਜਾਵੇਗਾ।
-ਬਾਕਸ-
ਵਰਧਮਾਨ ਚੌਕ ਨੇੜੇ ਧੀਰੇਂਦਰ ਸ਼ਾਸਤਰੀ ਦੀ ਕਥਾ ਲਈ ਵੀ ਟ੍ਰੈਫਿਕ ਪ੍ਰਬੰਧ
ਇਸ ਤੋਂ ਇਲਾਵਾ ਵਰਧਮਾਨ ਚੌਕ ਨੇੜੇ ਗਲਾਡਾ ਗਰਾਊਂਡ ਵਿੱਚ ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਕਥਾ ਦਾ ਸਮਾਗਮ ਵੀ ਜਾਰੀ ਹੈ, ਜੋ 30 ਸਤੰਬਰ ਤੱਕ ਚੱਲੇਗਾ। ਇਸ ਸਮਾਗਮ ਨੂੰ ਲੈ ਕੇ ਵੀ ਟ੍ਰੈਫਿਕ ਪੁਲਿਸ ਨੇ ਆਵਾਜਾਈ ਲਈ ਵੱਖਰੇ ਪ੍ਰਬੰਧ ਕੀਤੇ ਹਨ। ਲੋਕਾਂ ਨੂੰ ਨਿਰਧਾਰਤ ਪਾਰਕਿੰਗ ਥਾਵਾਂ ਦੀ ਵਰਤੋਂ ਕਰਨ ਅਤੇ ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।