- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ

-ਜਵੱਦੀ ਟਕਸਾਲ ਵਿਖੇ ਕਰਵਾਇਆ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਐਤਵਾਰ ਨੂੰ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ। ਜੁੜੀਆਂ ਸੰਗਤਾਂ ਦੇ ਸਨਮੁਖ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਫੁਰਮਾਇਆ ਕਿ ਮਨੁੱਖ ਦੋ ਚੀਜ਼ਾਂ ਦਾ ਮੇਲ ਹੈ। ਇਕ ਦ੍ਰਿਸ਼ਟਮਾਨ ਸਰੀਰ ਅਤੇ ਦੂਸਰੀ ਅਦ੍ਰਿਸ਼ਟ ਆਤਮਾ। ਜੇਕਰ ਕੇਵਲ ਸਰੀਰ ਹੀ ਹੋਵੇ ਤੇ ਆਤਮਾ ਨਾ ਹੋਵੇ ਤਾਂ ਅਸੀਂ ਮੁਰਦੇ ਹਾਂ। ਬੇਸ਼ਕ ਆਤਮਾ ਦਿਸਦੀ ਨਹੀਂ ਪਰ ਉਸਦੀ ਹੋਂਦ ਤੋਂ ਬਿਨਾਂ ਸਾਡਾ ਜੀਵਨ ਹੋ ਹੀ ਨਹੀਂ ਸਕਦਾ। ਅਣਗਿਣਤ ਗੁਣ ਅਜਿਹੇ ਹਨ, ਜਿਨ੍ਹਾਂ ਦਾ ਕੋਈ ਆਕਾਰ ਕਦੇ ਵੀ ਕਿਸੇ ਨੇ ਨਹੀਂ ਵੇਖਿਆ ਪਰ ਉਨ੍ਹਾਂ ਦੇ ਵਿਹਾਰ ਤੋਂ ਸਾਰੇ ਹੀ ਜਾਣੂ ਹਨ। ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨੇਕੀ, ਪ੍ਰੇਮ ਅਤੇ ਪਰਉਪਕਾਰ ਆਦਿ ਕਦੇ ਕਿਸੇ ਨੇ ਵੇਖੇ ਨਹੀਂ ਪਰ ਇੰਨਾਂ ਦਾ ਪ੍ਰਤੱਖ ਅਹਿਸਾਸ ਸਾਡੇ ਵਿਵਹਾਰਕ ਜੀਵਨ ਰਾਹੀਂ ਨਿੱਤ ਹੋ ਰਿਹਾ ਹੈ। ਬਾਬਾ ਜੀ ਨੇ ਸਮਝਾਇਆ ਕਿ ਅਦ੍ਰਿਸ਼ਟ ਆਤਮਾ ਦੀਆਂ ਗੱਲਾਂ ਵੀ ਸਰੀਰਕ ਵਿਹਾਰ ਦੇ ਪ੍ਰਮਾਣਾ ਰਾਹੀਂ ਹੀ ਸਮਝਾਉਣੀਆਂ ਪੈਂਦੀਆਂ ਹਨ। ਮਹਾਂਪੁਰਸ਼ਾਂ ਨੇ ਬਾਬਾ ਫ਼ਰੀਦ ਜੀ ਵੱਲੋਂ ਆਤਮਿਕ ਰਸ ਦੀ ਮਿਠਾਸ ਦੇ ਹਵਾਲੇ ਨਾਲ ਸਮਝਾਇਆ ਕਿ ਉਨ੍ਹਾਂ ਮਨੁੱਖ ਦੇ ਧਿਆਨ ਵਿੱਚ ਲਿਆਉਣ ਲਈ ਖੰਡ ਨਾਲੋਂ ਵੀ ਕਈ ਹਜ਼ਾਰ ਗੁਣਾ ਵੱਧ ਮਿੱਠੀ ਵਸਤੂ ਮਿਲਣ ਦੀ ਚਰਚਾ ਕੀਤੀ, ਕੀ ਅਸੀਂ ਇਹ ਮੰਨ ਲਈਏ ਕਿ ਉਹ ਅੱਤ ਮਿੱਠੀ ਵਸਤੂ ਹੀ ਰੱਬ ਹੈ? ਨਾ ਹੀ ਅਜਿਹਾ ਹੋ ਸਕਦਾ ਹੈ। ਇਹ ਸਿਰਫ ਮਨੁੱਖੀ ਸੂਝ ਤੱਕ ਗੱਲ ਲਿਆਉਣ ਦਾ ਢੰਗ ਹੈ। ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰਬਾਣੀ ਸ਼ਬਦ ਕੀਰਤਨ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।