- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਤੀ ਨਗਰ ਤੋਂ ਸ਼ੇਰਪੁਰ ਤੱਕ ਲੁਟੇਰਿਆਂ ਦਾ ਖੌਫ਼

-ਸਿਗਰਟ ਪੁੱਛਣ ਬਹਾਨੇ ਘੇਰਿਆ, ਪਿੱਛਾ ਕਰ ਕੇ ਸਿਰ ’ਤੇ ਕੀਤਾ ਵਾਰ
-ਬੇਹੋਸ਼ ਨੌਜਵਾਨ ਨੂੰ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਸੁੱਟ ਕੇ ਬਦਮਾਸ਼ ਫਰਾਰ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਮੋਤੀ ਨਗਰ ਤੋਂ ਲੈ ਕੇ ਸ਼ੇਰਪੁਰ ਚੌਂਕ ਤੱਕ ਪੁਲ ਅਤੇ ਨਾਲ ਲੱਗਦੇ ਰਸਤਿਆਂ ’ਤੇ ਰਾਤ ਸਮੇਂ ਘੁੰਮਣ ਵਾਲੇ ਲੁਟੇਰਾ ਗਿਰੋਹਾਂ ਦਾ ਖੌਫ਼ ਲਗਾਤਾਰ ਜਾਰੀ ਹੈ। ਪਿਛਲੇ ਇੱਕ ਸਾਲ ਵਿੱਚ ਬੇਖੌਫ ਬਦਮਾਸ਼ਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਉਣ ਵਾਲੇ ਬਦਮਾਸ਼ ਰਾਹਗੀਰਾਂ ਨੂੰ ਘੇਰ ਕੇ ਪਹਿਲਾਂ ਗੱਲਬਾਤ ਦੇ ਬਹਾਨੇ ਰੋਕਦੇ ਹਨ ਅਤੇ ਮੌਕਾ ਮਿਲਦਿਆਂ ਹੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਵਾਰਦਾਤਾਂ ਕਾਰਨ ਰਾਤ ਵੇਲੇ ਇਸ ਰਸਤੇ ਤੋਂ ਲੰਘਣ ਵਾਲੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਅਜਿਹਾ ਹੀ ਤਾਜ਼ਾ ਮਾਮਲਾ ਚੰਡੀਗੜ੍ਹ ਰੋਡ ਸਥਿਤ ਐਲਆਈਜੀ ਫਲੈਟਾਂ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਅਭਿਮਨਿਊ ਨਾਲ ਵਾਪਰਿਆ। ਅਭਿਮਨਿਊ ਚੰਡੀਗੜ੍ਹ ਰੋਡ ਸਥਿਤ ਵਰਧਮਾਨ ਫੈਕਟਰੀ ਵਿੱਚ ਨੌਕਰੀ ਕਰਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਹ ਰਾਤ 10 ਵਜੇ ਆਪਣੀ ਮੋਟਰਸਾਈਕਲ ’ਤੇ ਸਮਰਾਲਾ ਚੌਂਕ ਵੱਲ ਗਿਆ ਸੀ। ਇਸੇ ਦੌਰਾਨ ਟਰਾਂਸਪੋਰਟ ਨਗਰ ਚੌਂਕ ਪੁਲ ਹੇਠਾਂ ਉਸ ਨੂੰ ਮੋਟਰਸਾਈਕਲਾਂ ’ਤੇ ਸਵਾਰ ਕੁਝ ਨੌਜਵਾਨ ਮਿਲੇ।
ਸਿਗਰਟ ਪੁੱਛਣ ਦੇ ਬਹਾਨੇ ਰੋਕਿਆ, ਮਨਸੂਬਾ ਸਮਝ ਆਇਆ ਤਾਂ ਭਜਾਈ ਮੋਟਰਸਾਈਕਲ
ਅਭਿਮਨਿਊ ਦੇ ਚਾਚਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਦੇ ਭਤੀਜੇ ਨੂੰ ਰੋਕ ਕੇ ਪੁੱਛਿਆ ਕਿ ਇੱਥੋਂ ਸਿਗਰਟ ਨਹੀਂ ਮਿਲ ਰਹੀ, ਸਿਗਰਟ ਕਿੱਥੋਂ ਮਿਲੇਗੀ। ਅਭਿਮਨਿਊ ਨੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਵੱਲ ਜਾਣ ਦੀ ਗੱਲ ਕਹੀ। ਇਸੇ ਦੌਰਾਨ ਕੁਝ ਹੋਰ ਨੌਜਵਾਨ ਵੀ ਉੱਥੇ ਪਹੁੰਚ ਗਏ। ਨੌਜਵਾਨਾਂ ਦੀ ਗਿਣਤੀ ਵਧਦੀ ਦੇਖ ਕੇ ਅਭਿਮਨਿਊ ਨੂੰ ਉਨ੍ਹਾਂ ਦੇ ਮਨਸੂਬਿਆਂ ’ਤੇ ਸ਼ੱਕ ਹੋ ਗਿਆ। ਉਸ ਨੇ ਆਪਣਾ ਬਚਾਅ ਕਰਨ ਲਈ ਤੁਰੰਤ ਮੋਟਰਸਾਈਕਲ ਭਜਾ ਲਈ। ਬਦਮਾਸ਼ਾਂ ਨੇ ਵੀ ਉਸ ਦਾ ਪਿੱਛਾ ਸ਼ੁਰੂ ਕਰ ਦਿੱਤਾ। ਅਭਿਮਨਿਊ ਮੋਟਰਸਾਈਕਲ ਭਜਾਉਂਦਾ ਹੋਇਆ ਕੈਂਸਰ ਹਸਪਤਾਲ ਵੱਲੋਂ ਫਲਾਈਓਵਰ ’ਤੇ ਚੜ੍ਹ ਕੇ ਸਾਹਨੇਵਾਲ ਵੱਲ ਜਾਣ ਲੱਗਾ। ਜਦੋਂ ਉਹ ਸ਼ੇਰਪੁਰ ਚੌਂਕ ਨੇੜੇ ਪਹੁੰਚਿਆ ਤਾਂ ਪਿੱਛਾ ਕਰ ਰਹੇ ਬਦਮਾਸ਼ਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰ ਨਾਲ ਸਿਰ ’ਤੇ ਜ਼ੋਰਦਾਰ ਵਾਰ ਹੋਣ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਕੁਝ ਵੀ ਯਾਦ ਨਹੀਂ ਰਿਹਾ।
ਸਾਰੀ ਰਾਤ ਪਰਿਵਾਰ ਕਰਦਾ ਰਿਹਾ ਭਾਲ, ਤੜਕੇ ਝਾੜੀਆਂ ’ਚ ਬੇਹੋਸ਼ ਮਿਲਿਆ ਨੌਜਵਾਨ
ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਅਭਿਮਨਿਊ ਰਾਤ ਨੂੰ ਘਰ ਵਾਪਸ ਨਾ ਆਇਆ ਤਾਂ ਉਹ ਸਾਰੀ ਰਾਤ ਉਸ ਦੀ ਭਾਲ ਕਰਦੇ ਰਹੇ। ਤੜਕੇ ਕਰੀਬ 6 ਵਜੇ ਉਨ੍ਹਾਂ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦਾ ਲੜਕਾ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਝਾੜੀਆਂ ਵਿੱਚ ਬੇਹੋਸ਼ ਹਾਲਤ ਵਿੱਚ ਪਿਆ ਹੈ। ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਤਾਂ ਅਭਿਮਨਿਊ ਦੀ ਹਾਲਤ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਉਸ ਦੇ ਸਿਰ, ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੇ ਨਿਸ਼ਾਨ ਸਨ।
ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਵੱਡੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਇਸ ਤੋਂ ਬਾਅਦ ਜ਼ਖਮੀ ਅਭਿਮਨਿਊ ਨੂੰ ਈਐੱਸਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
-ਬਾਕਸ-
ਝੁੱਗੀਆਂ ਵਾਲਿਆਂ ਨੇ ਦੱਸੀ ਬਦਮਾਸ਼ਾਂ ਦੀ ਹਰਕਤ
ਅਸ਼ੋਕ ਕੁਮਾਰ ਨੇ ਦੱਸਿਆ ਕਿ ਢੰਡਾਰੀ ਰੇਲਵੇ ਸਟੇਸ਼ਨ ਨੇੜੇ ਜਦੋਂ ਉਨ੍ਹਾਂ ਨੇ ਪੁੱਛਗਿੱਛ ਕੀਤੀ ਤਾਂ ਉੱਥੇ ਰਹਿਣ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਕੁਝ ਨੌਜਵਾਨ ਇਸ ਲੜਕੇ ਨੂੰ ਮੋਟਰਸਾਈਕਲਾਂ ’ਤੇ ਲੈ ਕੇ ਆਏ ਸਨ। ਉਨ੍ਹਾਂ ਨੂੰ ਪਹਿਲਾਂ ਇਹੀ ਲੱਗਿਆ ਕਿ ਨੌਜਵਾਨ ਉਨ੍ਹਾਂ ਦੇ ਨਾਲ ਹੀ ਹੈ। ਬਾਅਦ ਵਿੱਚ ਬਦਮਾਸ਼ ਅਭਿਮਨਿਊ ਨੂੰ ਝਾੜੀਆਂ ਵਿੱਚ ਸੁੱਟ ਕੇ ਉੱਥੋਂ ਫਰਾਰ ਹੋ ਗਏ।
-ਬਾਕਸ-
-ਬਾਈਕ, ਮੋਬਾਈਲ ਤੇ ਨਕਦੀ ਲੈ ਗਏ ਬਦਮਾਸ਼
ਪਰਿਵਾਰ ਮੁਤਾਬਕ ਹਮਲੇ ਤੋਂ ਬਾਅਦ ਬਦਮਾਸ਼ ਅਭਿਮਨਿਊ ਦਾ ਮੋਟਰਸਾਈਕਲ, ਮੋਬਾਈਲ ਫੋਨ ਅਤੇ ਜੇਬ ਵਿੱਚ ਪਈ ਕੁਝ ਨਕਦੀ ਵੀ ਲੈ ਗਏ। ਇਸ ਮਾਮਲੇ ਵਿੱਚ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ ਅਤੇ ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
-ਬਾਕਸ-
ਕਈ ਦਿਨਾਂ ਤੱਕ ਪੁਲਿਸ ਨੇ ਨਹੀਂ ਕੀਤਾ ਮੁਕਦਮਾ ਦਰਜ, ਹੱਦਬੰਦੀ ’ਚ ਫਸਿਆ ਪਰਿਵਾਰ
ਅਸ਼ੋਕ ਕੁਮਾਰ ਨੇ ਦੋਸ਼ ਲਾਇਆ ਕਿ ਵਾਰਦਾਤ ਤੋਂ ਅਗਲੇ ਦਿਨ ਹੀ ਉਹ ਪੁਲਿਸ ਕੋਲ ਪਹੁੰਚ ਗਏ ਸਨ ਅਤੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਮੁਤਾਬਕ ਥਾਣਾ ਡਿਵੀਜ਼ਨ ਨੰਬਰ 6 ਅਤੇ ਚੌਕੀ ਗਿਆਸਪੁਰਾ ਦੀ ਹੱਦਬੰਦੀ ਨੂੰ ਲੈ ਕੇ ਪਰਿਵਾਰ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਕਦੇ ਵੀਆਈਪੀ ਡਿਊਟੀ ਅਤੇ ਕਦੇ ਹੱਦਬੰਦੀ ਦਾ ਹਵਾਲਾ ਦੇ ਕੇ ਮਾਮਲਾ ਦਰਜ ਕਰਨ ਵਿੱਚ ਦੇਰੀ ਹੁੰਦੀ ਰਹੀ। ਪਰਿਵਾਰ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਕਈ ਦਿਨਾਂ ਬਾਅਦ ਹੁਣ ਪੁਲਿਸ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਵਾਰਦਾਤ ਵਾਲੀ ਥਾਂ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।
---