ਪੀਏਯੂ ਵੱਲੋਂ ਮਹਾਰਾਸ਼ਟਰ ਦੀ ਕੰਪਨੀ ਨਾਲ ਸਮਝੌਤਾ ਪੀਏਯੂ ਨੇ ਮਹਾਰਾਸ਼ਟਰ ਦੀ ਕੰਪਨੀ ਨਾਲ ਕੀਤਾ ਸਮਝੌਤਾ
Publish Date: Fri, 25 Sep 2026 09:47 PM (IST)
Updated Date: Sat, 26 Sep 2026 04:07 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਫਲਾਂ ਤੇ ਸਬਜ਼ੀਆਂ ਦੀ ਛੇਤੀ ਖ਼ਰਾਬ ਹੋਣ ਵਾਲੀ ਪ੍ਰਕਿਰਤੀ ਕਾਰਨ ਉਨ੍ਹਾਂ ਦੀ ਆਖਰੀ ਪੜਾਅ ਤੱਕ ਮੰਡੀਕਰਨ ਪ੍ਰਕਿਰਿਆ ਕਿਸਾਨਾਂ ਤੇ ਵਿਕਰੇਤਾਵਾਂ ਲਈ ਵੱਡੀ ਚੁਣੌਤੀ ਬਣੀ ਰਹਿੰਦੀ ਹੈ। ਇਸ ਸਮੱਸਿਆ ਦੇ ਹੱਲ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਮਹਾਰਾਸ਼ਟਰ ਸਥਿੱਤ ਪਦਮਾ ਐਗਰੀ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਨਾਲ ਮੋਬਾਈਲ ਥਰਮੋਇਲੈਕਟ੍ਰਿਕ ਰੈਫਰੀਜਰੇਸ਼ਨ ਸਿਸਟਮ ਦੀ ਵਪਾਰਕ ਵਰਤੋਂ ਲਈ ਸਮਝੌਤਾ ਕੀਤਾ ਹੈ। ਇਸ ਸਬੰਧੀ ਸਮਝੌਤਾ ਪੱਤਰ (ਮੈਮੋਰੈਂਡਮ ਆਫ ਐਗਰੀਮੈਂਟ) ’ਤੇ ਪੀਏਯੂ ਦੇ ਡਾਇਰੈਕਟਰ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪਦਮਾ ਐਗਰੀ ਇਨਫ੍ਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੇ ਅਧਿਕਾਰਤ ਨੁਮਾਇੰਦੇ ਨੇ ਆਪੋ-ਆਪਣੀਆਂ ਸੰਸਥਾਵਾਂ ਵੱਲੋਂ ਦਸਤਖ਼ਤ ਕੀਤੇ। ਇਸ ਮੌਕੇ ਡਾ. ਵੀਐੱਸ. ਸੋਹੂ, ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਤੇ ਬਾਗਬਾਨੀ), ਡਾ. ਮਹੇਸ਼ ਕੁਮਾਰ, ਵਧੀਕ ਨਿਰਦੇਸ਼ਕ ਖੋਜ (ਖੇਤੀ ਇੰਜਨੀਅਰਿੰਗ), ਡਾ. ਖੁਸ਼ਦੀਪ ਧਰਨੀ, ਐਸੋਸੀਏਟ ਡਾਇਰੈਕਟਰ, ਟੈਕਨਾਲੋਜੀ ਮਾਰਕੀਟਿੰਗ ਅਤੇ ਆਈਪੀਆਰ ਸੈੱਲ ਅਤੇ ਡਾ. ਤਰਸੇਮ ਚੰਦ ਮਿੱਤਲ, ਮੁਖੀ, ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਵੀ ਹਾਜ਼ਰ ਸਨ। ਡਾ. ਢੱਟ ਨੇ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਵਿਭਾਗ ਅਤੇ ਵਿਗਿਆਨੀਆਂ ਦੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦਾਂ ਦੀ ਗੁਣਵੱਤਾ ਕਾਇਮ ਰੱਖਣ ਅਤੇ ਕਿਸਾਨਾਂ ਨੂੰ ਬਿਹਤਰ ਮੰਡੀਕਰਨ ਸਹੂਲਤਾਂ ਪ੍ਰਦਾਨ ਕਰਨ ਵਿੱਚ ਅਜਿਹੀਆਂ ਤਕਨਾਲੋਜੀਆਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਤਕਨਾਲੋਜੀ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਦੀ ਪ੍ਰਿੰਸੀਪਲ ਸਾਇੰਟਿਸਟ ਡਾ. ਗਗਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਪੀਏਯੂ ਵੱਲੋਂ ਵਿਕਸਤ ਮੋਬਾਈਲ ਥਰਮੋਇਲੈਕਟ੍ਰਿਕ ਰੈਫਰੀਜਰੇਸ਼ਨ ਸਿਸਟਮ ਦੀ ਸਟੋਰੇਜ ਸਮਰੱਥਾ 100 ਲੀਟਰ ਹੈ ਅਤੇ ਇਸ ਵਿੱਚ ਇੱਕ ਬੈਚ ਦੌਰਾਨ ਲਗਭਗ 40 ਕਿਲੋਗ੍ਰਾਮ ਤੱਕ ਖੇਤੀ ਉਤਪਾਦ ਰੱਖੇ ਜਾ ਸਕਦੇ ਹਨ। ਇਸ ਨੂੰ ਖੇਤਾਂ ਅਤੇ ਮੰਡੀਕਰਨ ਦੇ ਆਖਰੀ ਪੜਾਅ ’ਤੇ ਵਰਤੋਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਕਿਸਾਨਾਂ, ਫਲ ਅਤੇ ਸਬਜ਼ੀ ਵਿਕਰੇਤਾਵਾਂ ਅਤੇ ਤਾਜ਼ੇ ਖੇਤੀ ਉਤਪਾਦਾਂ ਦੀ ਮੰਡੀਕਰਨ ਲੜੀ ਨਾਲ ਜੁੜੇ ਛੋਟੇ ਪੱਧਰ ਦੇ ਕਾਰੋਬਾਰੀਆਂ ਲਈ ਸਟੋਰੇਜ ਦੇ ਨਾਲ-ਨਾਲ ਮੋਬਾਈਲ ਰੈਫਰੀਜਰੇਸ਼ਨ ਦੀ ਸਹੂਲਤ ਪ੍ਰਦਾਨ ਕਰਦੀ ਹੈ। ਇਹ ਸਿਸਟਮ ਪੈਲਟੀਅਰ ਪ੍ਰਭਾਵ ’ਤੇ ਆਧਾਰਿਤ ਥਰਮੋਇਲੈਕਟ੍ਰਿਕ ਕੂਲਿੰਗ ਤਕਨਾਲੋਜੀ ਨਾਲ ਕੰਮ ਕਰਦਾ ਹੈ। ਇਹ ਲਗਭਗ 15 ਡਿਗਰੀ ਸੈਲਸੀਅਸ ਤਾਪਮਾਨ ਤੇ ਕਰੀਬ 80 ਫ਼ੀਸਦੀ ਸਾਪੇਖ ਨਮੀ ਕਾਇਮ ਰੱਖਣ ਦੇ ਸਮਰੱਥ ਹੈ। ਡਾ. ਸਿੱਧੂ ਨੇ ਕਿਹਾ ਕਿ ਇਹ ਪ੍ਰਣਾਲੀ ਵੱਖ-ਵੱਖ ਕਿਸਮਾਂ ਦੇ ਫਲਾਂ ਅਤੇ ਸਬਜ਼ੀਆਂ ਨੂੰ ਥੋੜ੍ਹੇ ਸਮੇਂ ਲਈ ਸੰਭਾਲ ਕੇ ਰੱਖਣ ਵਿੱਚ ਸਹਾਇਕ ਹੈ, ਜਿਸ ਨਾਲ ਉਨ੍ਹਾਂ ਦੀ ਤਾਜ਼ਗੀ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ‘ਮੋਬਾਈਲ ਥਰਮੋਇਲੈਕਟ੍ਰਿਕ ਰੈਫਰੀਜਰੇਸ਼ਨ ਸਿਸਟਮ’ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਪੇਟੈਂਟ ਪ੍ਰਾਪਤ ਤਕਨਾਲੋਜੀ ਹੈ। ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਇਹ ਤਕਨਾਲੋਜੀ ਮੰਡੀਕਰਨ ਨੂੰ ਸੁਚਾਰੂ ਬਣਾਉਣ ਵਿੱਚ ਸਹਾਇਕ ਹੈ।