‘ਹਮਾਰੇ ਰਾਮ’ ਦੀ ਦਿਲਕਸ਼ ਪੇਸ਼ਕਾਰੀ ਨੇ ਸ਼ਹਿਰਵਾਸੀਆਂ ਨੂੰ ਕੀਲਿਆ ‘ਹਮਾਰੇ ਰਾਮ’ ਦੀ ਦਿਲਕਸ਼ ਪੇਸ਼ਕਾਰੀ ਨੇ ਲੁਧਿਆਣਾ ਵਾਸੀਆਂ ਨੂੰ ਕੀਲਿਆ
Publish Date: Fri, 25 Sep 2026 07:46 PM (IST)
Updated Date: Sat, 26 Sep 2026 04:04 AM (IST)
-ਆਸ਼ੂਤੋਸ਼ ਰਾਣਾ ਦੀ ਰਾਵਣ ਵਜੋਂ ਦਮਦਾਰ ਅਦਾਕਾਰੀ ਬਣੀ ਖਿੱਚ ਦਾ ਕੇਂਦਰ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਸਦੀਵੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਨਾਟਕ ‘ਹਮਾਰੇ ਰਾਮ’ ਦਾ ਸ਼ਾਨਦਾਰ ਮੰਚਨ ਸ਼ੁੱਕਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਮਨਮੋਹਣ ਸਿੰਘ ਆਡੀਟੋਰੀਅਮ ਵਿੱਚ ਕੀਤਾ ਗਿਆ। ਖਚਾਖਚ ਭਰੇ ਆਡੀਟੋਰੀਅਮ ਵਿੱਚ ਨਾਟਕ ਦੀ ਸ਼ੁਰੂਆਤ ਤੋਂ ਆਖਰੀ ਦ੍ਰਿਸ਼ ਤੱਕ ਦਰਸ਼ਕ ਪੇਸ਼ਕਾਰੀ ਨਾਲ ਜੁੜੇ ਰਹੇ। ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਵੱਲੋਂ ਰਾਵਣ ਦੀ ਭੂਮਿਕਾ ਵਿੱਚ ਕੀਤੀ ਦਮਦਾਰ ਅਦਾਕਾਰੀ ਖਿੱਚ ਦਾ ਵਿਸ਼ੇਸ਼ ਕੇਂਦਰ ਰਹੀ। ਪ੍ਰਭਾਵਸ਼ਾਲੀ ਸੰਵਾਦਾਂ, ਰੂਹਾਨੀ ਸੰਗੀਤ, ਸ਼ਾਨਦਾਰ ਵਿਜ਼ੂਅਲਸ ਅਤੇ ਆਧੁਨਿਕ ਸਟੇਜ ਤਕਨੀਕ ਦੇ ਸੁਮੇਲ ਨੇ ਪੇਸ਼ਕਾਰੀ ਨੂੰ ਪ੍ਰਭਾਵਸ਼ਾਲੀ ਬਣਾਇਆ। ਰਾਮਾਇਣ ਦੇ ਵੱਖ-ਵੱਖ ਪਾਤਰਾਂ ਨੂੰ ਕਲਾਕਾਰਾਂ ਨੇ ਜੀਵੰਤ ਅੰਦਾਜ਼ ਵਿੱਚ ਪੇਸ਼ ਕੀਤਾ। ਆਸ਼ੂਤੋਸ਼ ਰਾਣਾ ਦੀ ਅਦਾਕਾਰੀ ਦੌਰਾਨ ਦਰਸ਼ਕਾਂ ਵੱਲੋਂ ਕਈ ਵਾਰ ਤਾਲੀਆਂ ਨਾਲ ਕਲਾਕਾਰਾਂ ਦਾ ਹੌਸਲਾ ਵਧਾਇਆ ਗਿਆ। ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਚੌਧਰੀ ਮਦਨ ਲਾਲ ਬੱਗਾ ਅਤੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ‘ਹਮਾਰੇ ਰਾਮ’ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਏ ਜਾ ਰਹੇ 41 ਮੁਫ਼ਤ ਥੀਏਟਰ ਸ਼ੋਅ ਦੀ ਸੱਭਿਆਚਾਰਕ ਮੁਹਿੰਮ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ 26 ਸਤੰਬਰ ਨੂੰ ਵੀ ਇਸ ਨਾਟਕ ਦੇ ਦੋ ਹੋਰ ਸ਼ੋਅ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਥੀਏਟਰ ਵਰਗੇ ਪ੍ਰਭਾਵਸ਼ਾਲੀ ਮਾਧਿਅਮ ਰਾਹੀਂ ਸੱਚ, ਧਰਮ, ਦਇਆ, ਏਕਤਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ ਸੂਬੇ ਦੀ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਇਸ ਉਪਰਾਲੇ ਦਾ ਉਦੇਸ਼ ਹੈ। ਉਨ੍ਹਾਂ ਅਨੁਸਾਰ ਨਾਟਕ ਰਾਹੀਂ ਨੌਜਵਾਨ ਪੀੜ੍ਹੀ ਨੂੰ ਰਾਮਾਇਣ ਦੇ ਜੀਵਨ ਮੁੱਲਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਟਕ ਵਿੱਚ ਆਸ਼ੂਤੋਸ਼ ਰਾਣਾ ਨੇ ਰਾਵਣ ਦੀ ਭੂਮਿਕਾ ਨਿਭਾਈ। ਉਨ੍ਹਾਂ ਦੀ ਸੰਵਾਦ ਅਦਾਇਗੀ, ਹਾਵ-ਭਾਵ ਅਤੇ ਮੰਚ ’ਤੇ ਮੌਜੂਦਗੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਹੋਰਨਾਂ ਕਲਾਕਾਰਾਂ ਨੇ ਵੀ ਰਾਮਾਇਣ ਦੇ ਵੱਖ-ਵੱਖ ਪਾਤਰਾਂ ਨੂੰ ਪੂਰੀ ਸ਼ਿੱਦਤ ਨਾਲ ਪੇਸ਼ ਕੀਤਾ। ਨਾਟਕ ਦੀ ਭਾਵਨਾਤਮਕ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕਥਾ ਨਾਲ ਜੋੜੀ ਰੱਖਿਆ। ‘ਹਮਾਰੇ ਰਾਮ’ ਮਹਾਂਕਾਵਿ ਰਾਮਾਇਣ ’ਤੇ ਆਧਾਰਿਤ ਵੱਡੇ ਪੱਧਰ ਦੀ ਥੀਏਟਰ ਪੇਸ਼ਕਾਰੀ ਹੈ, ਜਿਸ ਵਿੱਚ ਵਾਲਮੀਕਿ ਰਾਮਾਇਣ ਨਾਲ ਜੁੜੇ ਅਧਿਆਤਮਿਕ ਤੱਤਾਂ ਅਤੇ ਭਗਵਾਨ ਸ੍ਰੀ ਰਾਮ ਦੇ ਜੀਵਨ ਤੇ ਆਦਰਸ਼ਾਂ ਨੂੰ ਆਧੁਨਿਕ ਨਾਟਕੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਨਾਟਕ ਦਾ ਨਿਰਦੇਸ਼ਨ ਗੌਰਵ ਭਾਰਦਵਾਜ ਨੇ ਕੀਤਾ ਹੈ ਅਤੇ ਫੈਲੀਸਿਟੀ ਥੀਏਟਰ ਵੱਲੋਂ ਇਸ ਦਾ ਨਿਰਮਾਣ ਕੀਤਾ ਗਿਆ ਹੈ। ਪੇਸ਼ਕਾਰੀ ਮੌਕੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਪੰਜਾਬ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ ਖੰਨਾ ਜਸ਼ਨਪ੍ਰੀਤ ਕੌਰ ਗਿੱਲ, ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਅਜਿੰਦਰ ਕੌਰ, ਮੀਡੀਅਮ ਇੰਡਸਟਰੀ ਬੋਰਡ ਤੋਂ ਪਰਮਵੀਰ ਸਿੰਘ, ਪ੍ਰੋਗਰਾਮ ਮੈਨੇਜਰ ਵਰੁਣ ਮਹਿਤਾ, ਕਰਨ ਦੰਡ, ਵੇਦ ਪ੍ਰਚਾਰ ਮੰਡਲ ਪੰਜਾਬ ਦੇ ਪ੍ਰਧਾਨ ਰੋਸ਼ਨ ਲਾਲ ਆਰੀਆ, ਨਿਧੀ ਗੁਪਤਾ, ਪੁਸ਼ਪਿੰਦਰ ਭਨੋਟ, ਸਵਾਮੀ ਮਨਜਿੰਦਰ ਪੂਰੀ, ਮਹੰਤ ਸ਼ਕਤੀਨਾਥ, ਭਗਤ ਸੰਜੀਵ, ਮਨਸੁਖ ਮਹਾਰਾਜ ਸਮੇਤ ਹੋਰ ਸੰਤ, ਧਾਰਮਿਕ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।