ਜ਼ਖ਼ਮੀ ਭਾਜਪਾ ਆਗੂ ਦਾ ਹਾਲ ਜਾਣਨ ਡੀਐੱਮਸੀ ਪੁੱਜੇ ਢਿੱਲੋਂ ‘ਨਸ਼ਾ-ਮੁਕਤ ਪੰਜਾਬ ਯਾਤਰਾ’ ਦੌਰਾਨ ਹਾਦਸੇ ’ਚ ਜ਼ਖ਼ਮੀ ਭਾਜਪਾ ਆਗੂ ਦਾ ਹਾਲ ਜਾਣਨ ਡੀਐੱਮਸੀ ਪੁੱਜੇ ਢਿੱਲੋਂ
Publish Date: Fri, 25 Sep 2026 07:37 PM (IST)
Updated Date: Sat, 26 Sep 2026 04:04 AM (IST)
21) ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ ‘ਨਸ਼ਾ-ਮੁਕਤ ਪੰਜਾਬ ਯਾਤਰਾ’ ਦੌਰਾਨ ਮਾਨਸਾ ’ਚ ਵਾਪਰੇ ਸੜਕ ਹਾਦਸੇ ’ਚ ਜ਼ਖ਼ਮੀ ਹੋਏ ਭਾਜਪਾ ਆਗੂ ਵਿਨੋਦ ਕਾਲੀ ਦਾ ਹਾਲ ਜਾਣਨ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਡੀਐੱਮਸੀ ਹੀਰੋ ਹਾਰਟ ਹਸਪਤਾਲ ਪਹੁੰਚੇ। ਉਨ੍ਹਾਂ ਹਸਪਤਾਲ ਦੇ ਡਾਕਟਰਾਂ ਨਾਲ ਮੁਲਾਕਾਤ ਕਰਕੇ ਵਿਨੋਦ ਕਾਲੀ ਦੀ ਸਿਹਤ ਅਤੇ ਚੱਲ ਰਹੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਢਿੱਲੋਂ ਨੇ ਡਾਕਟਰਾਂ ਨੂੰ ਵਿਨੋਦ ਕਾਲੀ ਦੇ ਇਲਾਜ ਲਈ ਹਰ ਸੰਭਵ ਸਹੂਲਤ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਲਾਜ ਦੌਰਾਨ ਕਿਸੇ ਵੀ ਤਰ੍ਹਾਂ ਦੀ ਕਮੀ ਜਾਂ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਵਿਨੋਦ ਕਾਲੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਸ ਮੁਸ਼ਕਲ ਸਮੇਂ ’ਚ ਭਾਜਪਾ ਦਾ ਪੂਰਾ ਪਰਿਵਾਰ ਉਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਵਿਨੋਦ ਕਾਲੀ ਦੇ ਇਲਾਜ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪ੍ਰਧਾਨ ਢਿੱਲੋਂ ਨੇ ਕਿਹਾ ਕਿ ਵਿਨੋਦ ਕਾਲੀ ਨੇ ‘ਨਸ਼ਾ-ਮੁਕਤ ਪੰਜਾਬ ਯਾਤਰਾ’ ਵਿੱਚ ਸਰਗਰਮੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਅਤੇ ਇਸੇ ਦੌਰਾਨ ਵਾਪਰੇ ਹਾਦਸੇ ਵਿੱਚ ਉਹ ਜ਼ਖ਼ਮੀ ਹੋ ਗਏ। ਪਾਰਟੀ ਦੇ ਹਰ ਵਰਕਰ ਅਤੇ ਆਗੂ ਦੀ ਸੁਰੱਖਿਆ ਤੇ ਸਿਹਤ ਪਾਰਟੀ ਲਈ ਮਹੱਤਵਪੂਰਨ ਹੈ। ਪ੍ਰਧਾਨ ਢਿੱਲੋਂ ਨੇ ਵਿਨੋਦ ਕਾਲੀ ਦੇ ਜਲਦ ਸਿਹਤਯਾਬ ਹੋਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਆਸ ਪ੍ਰਗਟਾਈ ਕਿ ਉਹ ਜਲਦ ਤੰਦਰੁਸਤ ਹੋ ਕੇ ਪਰਿਵਾਰ ਤੇ ਪਾਰਟੀ ਸਾਥੀਆਂ ਵਿਚਕਾਰ ਵਾਪਸ ਪਰਤਣਗੇ। ਇਸ ਮੌਕੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਅਤੇ ਹੋਰ ਪਾਰਟੀ ਵਰਕਰ ਵੀ ਹਾਜ਼ਰ ਸਨ।