- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਨੰਬਰ ਲਈ:ਜੀਐਸਟੀ ਰਿਫੰਡ ਵਿੱਚ ਦੇਰੀ ਨਾਲ ਉਦਯੋਗਾਂ ਦਾ ਨਕਦੀ ਪ੍ਰਵਾਹ ਪ੍ਰਭਾਵਿਤ-ਗਰਗ

-ਕਿਹਾ, ਕਾਨੂੰਨ ਅਨੁਸਾਰ ਯੋਗ ਜੀਐੱਸਟੀ ਰਿਫੰਡ ਸਮੇਂ ਅੰਦਰ ਕਰਨਾ ਜ਼ਰੂਰੀ
ਜਗਜੀਤ ਜੰਡੂ, ਪੰਜਾਬੀ ਜਾਗਰਣ, ਲੁਧਿਆਣਾ : ਉਦਯੋਗਾਂ ਦੀ ਵੱਡੀ ਰਕਮ ਜੀਐਸਟੀ ਰਿਫੰਡ ਵਿੱਚ ਅਟਕਣ ਕਾਰਨ ਉਨ੍ਹਾਂ ਦੀ ਕਾਰਜਸ਼ੀਲ ਪੂੰਜੀ ਅਤੇ ਨਕਦੀ ਪ੍ਰਵਾਹ ਪ੍ਰਭਾਵਿਤ ਹੋ ਰਿਹਾ ਹੈ। ਐਡਵੋਕੇਟ ਹਿਤੇਸ਼ ਗਰਗ ਨੇ ਕਿਹਾ ਕਿ ਕਾਨੂੰਨ ਅਨੁਸਾਰ ਯੋਗ ਜੀਐਸਟੀ ਰਿਫੰਡ ਦਾ ਭੁਗਤਾਨ ਨਿਰਧਾਰਤ ਸਮੇਂ ਅੰਦਰ ਕੀਤਾ ਜਾਣਾ ਚਾਹੀਦਾ ਹੈ, ਪਰ ਲੰਬੇ ਸਮੇਂ ਤੋਂ ਰਿਫੰਡ ਲੰਬਿਤ ਰਹਿਣ ਕਾਰਨ ਉਦਯੋਗਾਂ ਸਾਹਮਣੇ ਨਕਦੀ ਦੀ ਸਮੱਸਿਆ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਉਦਯੋਗਾਂ ਦੀ ਰਕਮ ਸਮੇਂ ਸਿਰ ਵਾਪਸ ਨਾ ਆਉਣ ਨਾਲ ਇਸ ਦਾ ਸਿੱਧਾ ਅਸਰ ਕਾਰੋਬਾਰ ’ਤੇ ਪੈਂਦਾ ਹੈ। ਐਡਵੋਕੇਟ ਹਿਤੇਸ਼ ਗਰਗ ਨੇ ਕਿਹਾ ਕਿ ਉਦਯੋਗਾਂ ਨੂੰ ਕੱਚਾ ਮਾਲ ਖਰੀਦਣ, ਕਰਮਚਾਰੀਆਂ ਨੂੰ ਭੁਗਤਾਨ ਕਰਨ ਅਤੇ ਰੋਜ਼ਾਨਾ ਕਾਰੋਬਾਰ ਚਲਾਉਣ ਲਈ ਨਕਦੀ ਦੀ ਲੋੜ ਹੁੰਦੀ ਹੈ। ਜੇਕਰ ਰਿਫੰਡ ਦੀ ਰਕਮ ਲੰਬੇ ਸਮੇਂ ਤੱਕ ਅਟਕੀ ਰਹੇਗੀ ਤਾਂ ਉਦਯੋਗਾਂ ਦੀ ਖਰੀਦ ਸਮਰੱਥਾ ਪ੍ਰਭਾਵਿਤ ਹੋਵੇਗੀ ਅਤੇ ਇਸ ਦਾ ਅਸਰ ਵਿਕਰੀ ਅਤੇ ਬਾਜ਼ਾਰ ਦੀਆਂ ਆਰਥਿਕ ਗਤੀਵਿਧੀਆਂ ’ਤੇ ਵੀ ਪੈ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਲੰਬਿਤ ਰਿਫੰਡ ਮਾਮਲਿਆਂ ਦਾ ਜਲਦ ਨਿਪਟਾਰਾ ਕਰਕੇ ਰਕਮ ਜਾਰੀ ਕਰਨ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਰਿਫੰਡ ਨੂੰ ਰੋਕ ਕੇ ਰੱਖਣਾ ਉਦਯੋਗਾਂ ਦੇ ਹਿੱਤ ਵਿੱਚ ਨਹੀਂ ਹੈ। ਸਰਕਾਰ ਨੂੰ ਲੰਬਿਤ ਰਿਫੰਡ ਜਲਦ ਜਾਰੀ ਕਰਨ ਦੇ ਨਾਲ-ਨਾਲ ਕਾਨੂੰਨ ਅਨੁਸਾਰ ਦੇਰੀ ਦੀ ਮਿਆਦ ’ਤੇ ਬਣਦੇ ਵਿਆਜ ਦਾ ਭੁਗਤਾਨ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਗਰਗ ਨੇ ਕਿਹਾ ਕਿ ਉਦਯੋਗਾਂ ਦੀ ਕਾਰਜਸ਼ੀਲ ਪੂੰਜੀ ਬਾਜ਼ਾਰ ਵਿੱਚ ਘੁੰਮਦੀ ਰਹੇਗੀ ਤਾਂ ਖਰੀਦ-ਵਿਕਰੀ ਦੀਆਂ ਗਤੀਵਿਧੀਆਂ ਵਧਣਗੀਆਂ ਅਤੇ ਆਰਥਿਕਤਾ ਨੂੰ ਗਤੀ ਮਿਲੇਗੀ।