ਦਾਣਾ ਮੰਡੀ ’ਚ 20 ਕਰੋੜ ਦੀ ਲਾਗਤ ਨਾਲ ਬਣ ਰਿਹੈ 40 ਮੈਗਾਵਾਟ ਦਾ ਬਿਜਲੀ ਗਰਿੱਡ ਅਹਿਮ ਖ਼ਬਰ-ਦਾਣਾ ਮੰਡੀ ’ਚ 20 ਕਰੋੜ ਦੀ ਲਾਗਤ ਨਾਲ ਬਣ ਰਿਹਾ 40 ਮੈਗਾਵਾਟ ਦਾ ਬਿਜਲੀ ਗ੍ਰਿਡ
Publish Date: Thu, 24 Sep 2026 10:10 PM (IST)
Updated Date: Thu, 24 Sep 2026 10:12 PM (IST)
15 ਨਵੰਬਰ ਤੱਕ ਚਾਲੂ ਹੋਣ ਦੀ ਉਮੀਦ, ਬਹਾਦਰਕੇ ਰੋਡ ਦੀ ਹੌਜਰੀ ਤੇ ਸਨਅਤੀ ਇਕਾਈਆਂ ਨੂੰ ਮਿਲੇਗੀ ਰਾਹਤ ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਦਾਣਾ ਮੰਡੀ ਇਲਾਕੇ ਵਿੱਚ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਨਵੇਂ ਬਿਜਲੀ ਗਰਿੱਡ ਦਾ ਲਗਪਗ 50 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। 40 ਮੈਗਾਵਾਟ ਸਮਰੱਥਾ ਵਾਲੇ ਇਸ ਗ੍ਰਿਡ ਨੂੰ 15 ਨਵੰਬਰ ਤੱਕ ਚਾਲੂ ਕਰਨ ਦਾ ਟੀਚਾ ਰੱਖਿਆ ਗਿਆ ਹੈ। ਗਰਿੱਡ ਦੇ ਚਾਲੂ ਹੋਣ ਨਾਲ ਬਹਾਦਰਕੇ ਰੋਡ ਸਥਿਤ ਹੌਜਰੀ ਕੰਪਲੈਕਸ, ਹੋਰ ਸਨਅਤੀ ਇਕਾਈਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਨਾਲ ਸਬੰਧਤ ਸਮੱਸਿਆਵਾਂ ਵਿੱਚ ਰਾਹਤ ਮਿਲਣ ਦੀ ਉਮੀਦ ਹੈ। ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਬੁੱਧਵਾਰ ਨੂੰ ਦਾਣਾ ਮੰਡੀ ਵਿਖੇ ਨਿਰਮਾਣ ਅਧੀਨ ਬਿਜਲੀ ਗ੍ਰਿਡ ਦਾ ਦੌਰਾ ਕਰਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਗਰਿੱਡ ਦਾ ਕਰੀਬ ਅੱਧਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਨੂੰ ਵੀ ਨਿਰਧਾਰਤ ਸਮੇਂ ਅਨੁਸਾਰ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਧਾਇਕ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਦੀ ਸਨਅਤ, ਖਾਸ ਕਰਕੇ ਹੌਜਰੀ ਉਦਯੋਗ ਲਈ ਨਿਰਵਿਘਨ ਬਿਜਲੀ ਸਪਲਾਈ ਬੇਹੱਦ ਮਹੱਤਵਪੂਰਨ ਹੈ। ਨਵੇਂ ਗਰਿੱਡ ਦੇ ਚਾਲੂ ਹੋਣ ਨਾਲ ਬਹਾਦਰਕੇ ਰੋਡ ਦੇ ਹੌਜਰੀ ਕੰਪਲੈਕਸ ਤੋਂ ਇਲਾਵਾ ਹੋਰ ਸਨਅਤੀ ਇਕਾਈਆਂ ਅਤੇ ਨੇੜਲੇ ਵਪਾਰਕ ਇਲਾਕਿਆਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਇੰਡਸਟਰੀ, ਹੌਜਰੀ ਅਤੇ ਵਪਾਰਕ ਵਰਗ ਨੂੰ ਬਿਹਤਰ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਉਦੇਸ਼ ਸੂਬਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਵੱਲ ਅੱਗੇ ਵਧਣਾ ਹੈ। ਉਨ੍ਹਾਂ ਕਿਹਾ ਕਿ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਬਿਜਲੀ ਦਾ ਮਜ਼ਬੂਤ ਬੁਨਿਆਦੀ ਢਾਂਚਾ ਸਨਅਤ ਅਤੇ ਵਪਾਰ ਦੇ ਵਿਕਾਸ ਲਈ ਅਹਿਮ ਹੈ। ਇਸ ਮੌਕੇ ਸੁਰਿੰਦਰ ਮਦਾਨ, ਗੁਰਦੀਪ ਲੱਕੀ, ਸੁਰਿੰਦਰ ਬਜਾਜ, ਬਾਬੂ ਸ਼ਰਮਾ, ਨਿਮਿਸ਼ ਸ਼ਰਮਾ ਅਤੇ ਦਲਜੀਤ ਸਿੰਘ ਵਿੱਕੀ ਮਕੱੜ ਸਮੇਤ ਹੋਰ ਹਾਜ਼ਰ ਸਨ।